ਅੰਮ੍ਰਿਤਸਰ (ਰਾਘਵ): ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਨੇੜੇ ਸਥਿਤ ਪਿੰਡ ਉਗਰ ਔਲਖ ਵਿਖੇ ਮੋਟਰਸਾਈਕਲ ਸਵਾਰ ਸਕੂਲੀ ਬੱਚਿਆਂ ਨਾਲ ਇੱਕ ਵੱਡਾ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਹਾਦਸੇ ’ਚ ਤਿੰਨ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਸਕੂਲ ਦੀ ਛੁੱਟੀ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਦਸਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਦੀ ਆਟੋ ਦੇ ਨਾਲ ਟੱਕਰ ਹੋ ਗਈ। ਦੱਸ ਦਈਏ ਕਿ ਇਸ ਹਾਦਸੇ ਦੇ ਕਾਰਨ ਦਸਵੀਂ ਜਮਾਤ ਦੇ ਤਿੰਨ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋ ਸਕੂਲੀ ਬੱਚਿਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਤੀਸਰੇ ਸਕੂਲੀ ਬੱਚੇ ਦਾ ਅਜਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਪੁਲਿਸ ਵੱਲੋਂ ਪਿਛਲੇ ਕਈ ਸਮੇਂ ਤੋਂ ਲਗਾਤਾਰ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਾਬਾਲਿਗ ਸਕੂਲੀ ਬੱਚਿਆਂ ਨੂੰ ਮੋਟਰਸਾਈਕਲ ਨਾ ਦਿੱਤੇ ਜਾਣ ਪਰ ਉਸ ਦੇ ਬਾਵਜੂਦ ਵੀ ਕੁਝ ਮਾਪੇ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਨਹੀਂ ਹੋ ਰਹੇ ਅਤੇ ਲਗਾਤਾਰ ਕਾਨੂੰਨ ਦੇ ਹੁਕਮਾਂ ਦੀ ਪਾਲਣਾ ਨਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਦੇ ਰਹੇ ਹਨ ਜਿੱਥੇ ਮੋਟਰਸਾਈਕਲਾਂ ਉੱਪਰ ਦੋ ਦੋ ਤਿੰਨ ਤਿੰਨ ਬੱਚੇ ਚੜ ਕੇ ਸਕੂਲਾਂ ਵਿੱਚ ਜਾਂਦੇ ਹਨ ਜਿਸ ਦੇ ਚੱਲਦੇ ਹੀ ਇਹ ਸੜਕ ਹਾਦਸੇ ਵਾਪਰਦੇ ਹਨ ਅਤੇ ਜਿਸ ਦੀ ਤਾਜ਼ਾ ਮਿਸਾਲ ਤੁਹਾਡੇ ਸਾਹਮਣੇ ਹੈ।