ਜੰਮੂ (ਰਾਘਵ)- ਜੰਮੂ-ਕਸ਼ਮੀਰ ‘ਚ ਚੱਲ ਰਹੇ ਮੁਕਾਬਲੇ ਦੌਰਾਨ ਭਾਰਤੀ ਫੌਜ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਲੰਬੇ ਮੁਕਾਬਲੇ ਤੋਂ ਬਾਅਦ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਬਾਸਿਤ ਅਹਿਮਦ ਡਾਰ ਸਮੇਤ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਹ ਮੁਕਾਬਲਾ ਹੋਇਆ।
- ਅਧਿਕਾਰੀਆਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਸੁਰੱਖਿਆ ਬਲਾਂ ਨੇ ਖੇਤਰ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੋਮਵਾਰ ਦੇਰ ਰਾਤ ਰੇਦਵਾਨੀ ਪਿੰਡ ਦੀ ਘੇਰਾਬੰਦੀ ਕਰ ਦਿੱਤੀ ਸੀ। ਉੱਥੇ ਤਲਾਸ਼ੀ ਮੁਹਿੰਮ ਚਲਾਈ ਗਈ, ਜੋ ਮੁਕਾਬਲੇ ਵਿੱਚ ਬਦਲ ਗਈ। ਅੱਤਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਗਈ। ਜਵਾਬ ‘ਚ ਫੌਜ ਨੇ ਵੀ ਮੂੰਹਤੋੜ ਜਵਾਬ ਦਿੱਤਾ।
- ਅਧਿਕਾਰੀਆਂ ਮੁਤਾਬਕ ਮੰਗਲਵਾਰ ਨੂੰ ਕੁਲਗਾਮ (ਜੰਮੂ-ਕਸ਼ਮੀਰ) ‘ਚ ਸੁਰੱਖਿਆ ਕਰਮੀਆਂ ਵੱਲੋਂ ਮੁਕਾਬਲੇ ‘ਚ ਮਾਰੇ ਗਏ ਤਿੰਨ ਅੱਤਵਾਦੀਆਂ ‘ਚ ਏ ਸ਼੍ਰੇਣੀ ਦਾ ਅੱਤਵਾਦੀ ਬਾਸਿਤ ਡਾਰ ਵੀ ਸ਼ਾਮਲ ਸੀ। ‘ਮੋਸਟ ਵਾਂਟੇਡ’ ਸੂਚੀ ‘ਚ ਸ਼ਾਮਲ ਬਾਸਿਤ ‘ਤੇ 10 ਲੱਖ ਰੁਪਏ ਦਾ ਇਨਾਮ ਸੀ। ਲਸ਼ਕਰ ਸਮਰਥਿਤ ਸੰਗਠਨ ਟੀਆਰਐਫ ਦਾ ਕਮਾਂਡਰ ਬਾਸਿਤ ਪੁਲਿਸ ਕਰਮਚਾਰੀਆਂ ਅਤੇ ਨਾਗਰਿਕਾਂ ਦੀ ਹੱਤਿਆ ਦੇ 18 ਤੋਂ ਵੱਧ ਮਾਮਲਿਆਂ ਵਿੱਚ ਸ਼ਾਮਲ ਸੀ।