ਆਈਜ਼ੌਲ (ਹਰਮੀਤ) : ਮਿਜ਼ੋਰਮ ਦੇ ਰਾਜ ਸਭਾ ਮੈਂਬਰ ਕੇ ਵਨਲਲਵੇਨਾ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ 1,047 ਪੁਲਸ ਮੁਲਾਜ਼ਮਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਉਹ ਦੂਜੇ ਸੂਬਿਆਂ ‘ਚ ਚੋਣਾਂ ਨਾਲ ਸਬੰਧਤ ਕੰਮ ‘ਚ ਰੁੱਝੇ ਹੋਏ ਸਨ।
ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਮਿਜ਼ੋਰਮ ਦੀ ਇਕਲੌਤੀ ਲੋਕ ਸਭਾ ਸੀਟ ਲਈ ਚੋਣਾਂ ਦੌਰਾਨ ਵੋਟ ਪਾਉਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਹ ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਚੋਣ ਡਿਊਟੀ ‘ਤੇ ਸਨ। ਵਨਲਾਲਵੇਨਾ ਨੇ ਭਾਰਤੀ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਵਰਤਮਾਨ ਵਿੱਚ ਮਿਜ਼ੋਰਮ ਆਰਮਡ ਪੁਲਿਸ ਦੀਆਂ 15 ਕੰਪਨੀਆਂ, ਜਿਨ੍ਹਾਂ ਵਿੱਚ 1,047 ਕਰਮਚਾਰੀ ਸ਼ਾਮਲ ਹਨ, ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਚੋਣ ਡਿਊਟੀ ‘ਤੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਉਦੋਂ ਤੱਕ ਵੋਟ ਪਾਉਣ ਦਾ ਮੌਕਾ ਨਹੀਂ ਮਿਲਿਆ ਜਦੋਂ ਤੱਕ ਉਹ ਆਪਣੇ ਜੱਦੀ ਰਾਜ ਮਿਜ਼ੋਰਮ ਨਹੀਂ ਪਰਤ ਜਾਂਦੇ, ਜੋ ਕਿ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਇਸ ਤਰ੍ਹਾਂ ਦੀ ਸਥਿਤੀ ਉਨ੍ਹਾਂ ਲਈ ਹੀ ਨਹੀਂ ਸਗੋਂ ਲੋਕਤੰਤਰ ਲਈ ਵੀ ਚਿੰਤਾਜਨਕ ਹੈ। ਸੰਸਦ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਮਹੱਤਵਪੂਰਨ ਕਰਮਚਾਰੀਆਂ ਨੂੰ ਚੋਣ ਪ੍ਰਕਿਰਿਆ ਤੋਂ ਵਾਂਝੇ ਨਹੀਂ ਰੱਖਿਆ ਜਾਣਾ ਚਾਹੀਦਾ।