ਠੰਡ ਨਾਲ ਜੁੜੀ ਥੋੜੀ ਰਾਹਤ ਮਿਲਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਅਗਲੇ 2 ਤੋਂ 4 ਦਿਨਾਂ ਵਿੱਚ ਸੀਤ ਲਹਿਰ ਅਤੇ ਠੰਢ ਦੇ ਹਾਲਾਤ ਹੌਲੀ-ਹੌਲੀ ਘੱਟ ਹੋਣ ਦੀ ਸੰਭਾਵਨਾ ਹੈ। ਹਾਲਾਂਕਿ 2 ਤੋਂ 4 ਫਰਵਰੀ ਵਿਚਕਾਰ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਪੈ ਸਕਦਾ ਹੈ। ਅਜਿਹਾ ਅਨੁਮਾਨ ਭਾਰਤ ਦੇ ਮੌਸਮ ਵਿਭਾਗ ਨੇ ਪ੍ਰਗਟਾਇਆ ਹੈ।
ਆਈਐਮਡੀ ਨੇ ਕਿਹਾ ਕਿ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਸੀਤ ਲਹਿਰ ਅਤੇ ਠੰਡ ਹੌਲੀ-ਹੌਲੀ ਘੱਟ ਹੋਣ ਦੀ ਸੰਭਾਵਨਾ ਹੈ, ਇਸ ਤੋਂ ਇਲਾਵਾ ਉੱਤਰ-ਪੱਛਮੀ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿੱਚ 2-4 ਫਰਵਰੀ ਤੱਕ ਮੀਂਹ ਜਾਰੀ ਰਹੇਗਾ। ਦੱਸ ਦੇਈਏ ਕਿ 2 ਫਰਵਰੀ ਤੱਕ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 3-5 ਡਿਗਰੀ ਸੈਲਸੀਅਸ ਵਧਣ ਅਤੇ ਇਸ ਤੋਂ ਬਾਅਦ ਘੱਟਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ 15-25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਆਈਐਮਡੀ ਮੁਤਾਬਕ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 2 ਫਰਵਰੀ ਤੋਂ ਵਧਣ ਦੀ ਸੰਭਾਵਨਾ ਹੈ। ਪੂਰਵ ਅਨੁਮਾਨ ਵਿਚ ਦੱਸਿਆ ਗਿਆ ਹੈ ਕਿ 2 ਫਰਵਰੀ ਨੂੰ ਅੰਸ਼ਕ ਤੌਰ ‘ਤੇ ਬੱਦਲਵਾਈ ਅਤੇ 3-4 ਫਰਵਰੀ ਨੂੰ ਹਲਕੀ ਬਾਰਿਸ਼ ਦੇ ਨਾਲ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ, ਜਿਸ ਕਾਰਨ ਤਾਪਮਾਨ ਵਧੇਗਾ। ਘੱਟੋ-ਘੱਟ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਵਿਚਕਾਰ ਉਤਰਾਅ-ਚੜ੍ਹਾਅ ਰਹੇਗਾ।
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐਮਡੀ ਨੇ ਕਿਹਾ ਕਿ 1 ਫਰਵਰੀ ਤੱਕ ਦਿੱਲੀ ਵਿੱਚ ਸਵੇਰੇ ਧੁੰਦ ਦੇ ਨਾਲ ਅਸਮਾਨ ਸਾਫ਼ ਰਹੇਗਾ।