ਨਵੀ ਦਿੱਲੀ (ਰਾਘਵ): ਆਮ ਆਦਮੀ ਪਾਰਟੀ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜਨੀਤੀ ‘ਚ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਨੂੰ ਲੈ ਕੇ ਰਾਜ ਸਭਾ ‘ਚ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਸੇ ਉਮੀਦਵਾਰ ਦੀ ਚੋਣ ਲੜਨ ਦੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕਰਨ ਦੀ ਮੰਗ ਕੀਤੀ ਹੈ। ਰਾਘਵ ਚੱਢਾ ਨੇ ਦੇਸ਼ ਦੀ ਔਸਤ ਉਮਰ ਤੋਂ ਲੈ ਕੇ ਨੌਜਵਾਨ ਆਬਾਦੀ ਦੇ ਅੰਕੜੇ ਗਿਣਾਉਂਦਿਆਂ ਉਪਰਲੇ ਸਦਨ ਵਿੱਚ ਮੰਗ ਕੀਤੀ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਲਈ ਨਿਰਧਾਰਤ ਉਮਰ ਸੀਮਾ ਨੂੰ ਘਟਾਇਆ ਜਾਵੇ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ 65 ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਲਗਭਗ 50 ਫੀਸਦੀ ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ। ਪਰ ਕੀ ਸਾਡੇ ਆਗੂ, ਸਾਡੇ ਚੁਣੇ ਹੋਏ ਨੁਮਾਇੰਦੇ ਵੀ ਇੰਨੇ ਨੌਜਵਾਨ ਹਨ? ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਪਹਿਲੀਆਂ ਲੋਕ ਸਭਾ ਚੋਣਾਂ ਹੋਈਆਂ ਤਾਂ ਪਹਿਲੀ ਲੋਕ ਸਭਾ ਵਿੱਚ 26 ਫੀਸਦੀ ਦੇ ਕਰੀਬ ਮੈਂਬਰ 40 ਸਾਲ ਤੋਂ ਘੱਟ ਉਮਰ ਦੇ ਸਨ। AAP MP ਨੇ ਕਿਹਾ ਕਿ 17ਵੀਂ ਲੋਕ ਸਭਾ ਵਿੱਚ ਸਿਰਫ਼ 12 ਫੀਸਦੀ ਮੈਂਬਰ 40 ਸਾਲ ਤੋਂ ਘੱਟ ਉਮਰ ਦੇ ਸਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਨੌਜਵਾਨ ਹੁੰਦਾ ਜਾ ਰਿਹਾ ਹੈ, ਸਾਡੇ ਚੁਣੇ ਹੋਏ ਨੁਮਾਇੰਦੇ ਨੌਜਵਾਨਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਰਾਘਵ ਨੇ ਕਿਹਾ ਕਿ ਅਸੀਂ ਪੁਰਾਣੇ ਨੇਤਾਵਾਂ ਵਾਲਾ ਨੌਜਵਾਨ ਦੇਸ਼ ਹਾਂ। ਸਾਨੂੰ ਨੌਜਵਾਨ ਨੇਤਾਵਾਂ ਦੇ ਨਾਲ ਇੱਕ ਨੌਜਵਾਨ ਦੇਸ਼ ਬਣਨ ਵੱਲ ਕਦਮ ਚੁੱਕਣੇ ਪੈਣਗੇ।
ਰਾਘਵ ਚੱਢਾ ਨੇ ਕਿਹਾ ਕਿ ਜੇਕਰ ਨੌਜਵਾਨ 21 ਸਾਲ ਦੀ ਉਮਰ ਵਿੱਚ ਚੋਣ ਲੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ 18 ਸਾਲ ਦਾ ਨੌਜਵਾਨ ਆਪਣੀ ਵੋਟ ਪਾ ਕੇ ਸਰਕਾਰ ਚੁਣ ਸਕਦਾ ਹੈ ਤਾਂ ਉਹ 21 ਸਾਲ ਦੀ ਉਮਰ ਵਿੱਚ ਚੋਣ ਕਿਉਂ ਨਹੀਂ ਲੜ ਸਕਦਾ ? ਰਾਘਵ ਚੱਢਾ ਨੇ ਕਿਹਾ ਕਿ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ ਅਤੇ ਇਸ ਲਈ ਮੈਂ ਕੁਝ ਸੁਝਾਅ ਲੈ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਦੀ ਉਮਰ ਹੱਦ 25 ਸਾਲ ਹੈ। ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਉਮਰ ਸੀਮਾ 25 ਤੋਂ ਘਟਾ ਕੇ 21 ਸਾਲ ਕੀਤੀ ਜਾਵੇ।