ਊਨਾ (ਨੇਹਾ): ਹੈੱਡਕੁਆਰਟਰ ਨੇੜੇ ਬਸੋਲੀ ਪਿੰਡ ‘ਚ ਇਕ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਪਲਟ ਗਈ। ਇਸ ਹਾਦਸੇ ‘ਚ ਕਰੀਬ 35 ਸ਼ਰਧਾਲੂ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਊਨਾ ਦੇ ਖੇਤਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਡਾਕਟਰ ਜ਼ਖਮੀਆਂ ਦਾ ਇਲਾਜ ਕਰਨ ‘ਚ ਲੱਗੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਸ਼ਰਧਾਲੂਆਂ ਦਾ ਇੱਕ ਜਥਾ ਮੰਗਲਵਾਰ ਨੂੰ ਟਰੈਕਟਰ ਟਰਾਲੀ ਵਿੱਚ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਬੁੱਧਵਾਰ ਨੂੰ ਊਨਾ ਦੇ ਧਾਰਮਿਕ ਸਥਾਨ ਪੀਰਨੀਗਾਹ ਪਹੁੰਚਿਆ। ਇੱਥੇ ਮੱਥਾ ਟੇਕਣ ਤੋਂ ਬਾਅਦ ਸ਼ਰਧਾਲੂ ਵੀਰਵਾਰ ਸਵੇਰੇ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਪਿੰਡ ਬਸੋਲੀ ਕੋਲ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਪਲਟ ਗਈ। ਇਸ ਹਾਦਸੇ ‘ਚ 35 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਹਨ।
ਹਾਦਸੇ ‘ਚ ਜ਼ਖਮੀ ਹੋਏ ਸ਼ਰਧਾਲੂਆਂ ਨੂੰ ਇਲਾਜ ਲਈ ਊਨਾ ਦੇ ਖੇਤਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ‘ਚ ਬੱਚਿਆਂ ਅਤੇ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ। ਊਨਾ ਸਦਰ ਥਾਣਾ ਇੰਚਾਰਜ ਮਨੋਜ ਵਾਲੀਆ ਆਪਣੀ ਟੀਮ ਦੇ ਨਾਲ ਬਸੋਲੀ ‘ਚ ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਊਨਾ ਦੇ ਖੇਤਰੀ ਹਸਪਤਾਲ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ। ਜ਼ਿਲ੍ਹਾ ਐਸਪੀ ਰਾਕੇਸ਼ ਸਿੰਘ ਨੇ ਦੱਸਿਆ ਕਿ ਬਸੋਲੀ ਵਿੱਚ ਹੋਏ ਹਾਦਸੇ ਵਿੱਚ ਕਰੀਬ 35 ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਦਾ ਊਨਾ ਦੇ ਖੇਤਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।