ਮਹਾਰਾਸ਼ਟਰ ਦੇ ਨੰਦੂਰਬਾਰ ਸਟੇਸ਼ਨ ਕੋਲ ਗਾਂਧੀਧਾਮ ਪੁਰੀ ਐਕਸਪ੍ਰੈਸ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਸਵੇਰੇ 10.35 ਵਜੇ ਅੱਗ ਲੱਗਣ ਦੀ ਖਬਰ ਮਿਲੀ। ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਘਟਨਾ ਵਾਲੀ ਥਾਂ ‘ਤੇ ਪੁੱਜੀ ਤੇ ਅੱਗ ਬੁਝਾਉਣ ਦੇ ਕੰਮ ਵਿਚ ਲੱਗ ਗਈ। ਦੱਸ ਦੇਈਏ ਕਿ ਰੇਲ ਮੰਤਰਾਲੇ ਮੁਤਾਬਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਦੱਸ ਦੇਈਏ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਚਾਨਕ ਲੱਗੀ ਅੱਗ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਹੈ। ਅੱਗ ਲੱਗਣ ਕਾਰਨ ਯਾਤਰੀ ਆਪਣੀ ਸੁਰੱਖਿਆ ਲਈ ਭੱਜ ਦੌੜ ਕਰਨ ਲੱਗੇ। ਤੇਜ਼ੀ ਨਾਲ ਭੜਕਦੀ ਹੋਈ ਅੱਗ ਅਤੇ ਧੂੰਏਂ ਦੀ ਵਜ੍ਹਾ ਨਾਲ ਯਾਤਰੀਆਂ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣ ਲੱਗੀ। ਸਟੇਸ਼ਨ ਪਾਸ ਹੋਣ ਦੀ ਵਜ੍ਹਾ ਨਾਲ ਟ੍ਰੇਨ ਦੀ ਰਫਤਾਰ ਘੱਟ ਸੀ ਇਸ ਕਾਰਨ ਮੋਟਰਮੈਨ ਨੇ ਗੱਡੀ ਤੁਰੰਤ ਰੋਕ ਦਿੱਤੀ।
ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪੁੱਜੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪੇਂਟ੍ਰੀ ਕਾਰ ਅਤੇ ਇਕ ਏਸੀ ਬੋਗੀ ਵਿੱਚ ਇਹ ਅੱਗ ਲੱਗੀ ਤੇ ਜਾਨੀ ਨੁਕਸਾਨ ਹੋਣੋਂ ਬਚ ਗਿਆ।