ਟੀਮ ਇੰਡੀਆ ਦੇ ਆਲਰਾਊਂਡਰ ਸ਼ਾਰਦੁਲ ਠਾਕੁਰ ਨੇ ਗਰਲਫਰੈਂਡ ਮਿਤਾਲੀ ਪਾਰੁਲਕਰ ਨਾਲ ਵਿਆਹ ਕਰ ਲਿਆ ਹੈ। ਠਾਕੁਰ ਦਾ ਸੋਮਵਾਰ ਨੂੰ ਮਹਾਰਾਸ਼ਟਰ ਦੇ ਕਰਜਤ ‘ਚ ਵਿਆਹ ਹੋਇਆ ਹੈ | ਇਸ ਵਿਆਹ ਸਮਾਰੋਹ ‘ਚ ਰੋਹਿਤ ਸ਼ਰਮਾ, ਸ਼੍ਰੇਅਸ ਅਈਅਰ ਅਤੇ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਨੇ ਸ਼ਿਰਕਤ ਕੀਤੀ। ਪਤਨੀ ਰਿਤਿਕਾ ਵੀ ਰੋਹਿਤ ਨਾਲ ਪਹੁੰਚੀ। ਮੁੰਬਈ ਰਣਜੀ ਟਰਾਫੀ ਟੀਮ ਦੇ ਕੋਚ ਅਭਿਸ਼ੇਕ ਨਾਇਰ ਅਤੇ ਕਈ ਹੋਰ ਖਿਡਾਰੀ ਵੀ ਸ਼ਾਰਦੁਲ ਦੇ ਵਿਆਹ ਸਮਾਰੋਹ ‘ਚ ਸ਼ਾਮਿਲ ਹੋਏ ।
ਇਸ ਦੌਰਾਨ ਸ਼ਾਰਦੁਲ ਦੇ ਸਾਥੀ ਸ਼੍ਰੇਅਸ ਅਈਅਰ ਡੀਜੇ ਦੀ ਧੁਨ ‘ਤੇ ਡਾਂਸ ਕਰਦੇ ਨਜ਼ਰ ਆਏ। ਸੰਗੀਤ ਸਮਾਰੋਹ ਵਿੱਚ ਰੋਹਿਤ ਅਤੇ ਮੁੰਬਈ ਟੀਮ ਦੇ ਹੋਰ ਖਿਡਾਰੀਆਂ ਨੇ ਵੀ ਡਾਂਸ ਕੀਤਾ।
ਸ਼ਾਰਦੁਲ ਦੀ ਹਲਦੀ ਦੀ ਰਸਮ 25 ਫਰਵਰੀ ਨੂੰ ਹੋਈ ਸੀ। 26 ਤਰੀਕ ਨੂੰ ਸੰਗੀਤ ਸਮਾਰੋਹ ਦੌਰਾਨ ਉਨ੍ਹਾਂ ਨੇ ਫਿਲਮ ‘ਸੈਰਾਟ’ ਦੇ ਗੀਤ ‘ਝਿੰਗਟ’ ‘ਤੇ ਡਾਂਸ ਕੀਤਾ। ਸੰਗੀਤ ਸਮਾਰੋਹ ਵਿੱਚ ਸ਼੍ਰੇਅਸ ਅਈਅਰ ਨੇ ਵੀ ਡਾਂਸ ਕੀਤਾ।
ਸ਼ਾਰਦੁਲ ਦਾ ਵਿਆਹ ਮਰਾਠੀ ਰੀਤੀ-ਰਿਵਾਜਾਂ ਨਾਲ ਹੋਇਆ। ਮਿਤਾਲੀ ਅਤੇ ਸ਼ਾਰਦੁਲ ਮਰਾਠੀ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ।ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਉਸ ਦੀਆਂ ਤਸਵੀਰਾਂ ਵੀ ਇੰਟਰਨੈੱਟ ‘ਤੇ ਵਾਇਰਲ ਹੋਈਆਂ ਸਨ।
ਮਿਤਾਲੀ ਦਾ ਆਪਣਾ ਕਾਰੋਬਾਰ ਹੈ। ਉਸ ਨੇ ‘ਦ ਬੇਕਸ’ ਕੰਪਨੀ ਦੀ ਸਥਾਪਨਾ ਕੀਤੀ। ਇਹ ਮੁੰਬਈ ਅਤੇ ਠਾਣੇ ਵਿੱਚ ਹੈ। ਉਸਦੀ ਕੰਪਨੀ ਬੇਕਰੀ ਦਾ ਸਮਾਨ ਸਪਲਾਈ ਕਰਦੀ ਹੈ। 2020 ਵਿੱਚ ਮਿਤਾਲੀ ਨੇ ‘ਆਲ ਦ ਜੈਜ਼ – ਲਗਜ਼ਰੀ ਬੇਕਰਸ’ ਕੰਪਨੀ ਵੀ ਖੋਲ੍ਹੀ। ਇੱਥੇ ਬੇਕਰੀ ਦੀਆਂ ਚੀਜ਼ਾਂ ਵੀ ਵਿਕਦੀਆਂ ਹਨ।
ਖਬਰਾਂ ਦੇ ਅਨੁਸਾਰ ਸ਼ਾਰਦੁਲ ਅਤੇ ਮਿਤਾਲੀ ਗੋਆ ‘ਚ ਡੈਸਟੀਨੇਸ਼ਨ ਵੈਡਿੰਗ ਕਰਨ ਵਾਲੇ ਸੀ ਪਰ ਸ਼ਾਰਦੁਲ ਦੇ ਕ੍ਰਿਕਟ ‘ਚ ਰੁਝੇਵਿਆਂ ਕਾਰਨ ਦੋਵਾਂ ਨੇ ਮਹਾਰਾਸ਼ਟਰ ‘ਚ ਵਿਆਹ ਕਰਵਾ ਲਿਆ। ਵਿਆਹ ਵਿੱਚ ਸਿਰਫ਼ 250 ਤੋਂ 300 ਰਿਸ਼ਤੇਦਾਰਾਂ ਨੂੰ ਹੀ ਸੱਦਿਆ ਗਿਆ ਸੀ। ਰਿਸੈਪਸ਼ਨ ਮੁੰਬਈ ‘ਚ ਰੱਖੀ ਜਾਵੇਗੀ ।