ਕੋਰੋਨਾ ਦੇ ਡਰ ਤੋਂ ਇੱਕ ਮਾਂ ਨੇ ਆਪਣੇ ਪੁੱਤਰ ਨੂੰ ਤਿੰਨ ਸਾਲ ਤੱਕ ਇੱਕ ਕਮਰੇ ਵਿੱਚ ਆਪਣੇ ਨਾਲ ਕੈਦ ਰੱਖਿਆ। ਇਹ ਸ਼ਿਕਾਇਤ ਮਹਿਲਾ ਦੇ ਪਤੀ ਨੇ ਕੀਤੀ ਹੈ। ਦੱਸਿਆ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਉਸ ਦੀ ਪਤਨੀ ਨਾ ਤਾਂ ਆਪ ਬਾਹਰ ਆਈ ਅਤੇ ਨਾ ਹੀ ਉਸ ਨੇ ਬੱਚੇ ਨੂੰ ਘਰੋਂ ਬਾਹਰ ਜਾਣ ਦਿੱਤਾ ਹੈ। ਪਤੀ ਦੇ ਅਨੁਸਾਰ ਉਸ ਨੂੰ ਘਰ ਦੇ ਅੰਦਰ ਵੀ ਨਹੀਂ ਆਉਣ ਦਿੱਤਾ ਗਿਆ। ਉਹ ਪਿਛਲੇ ਡੇਢ ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਹੁਣ ਪੁਲਿਸ ਅਤੇ ਪ੍ਰਸ਼ਾਸਨ ਨੇ ਮਾਂ ਅਤੇ ਬੱਚੇ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਦੋਵਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਖ਼ਬਰਾਂ ਦੇ ਅਨੁਸਾਰ ਇਹ ਸਾਰਾ ਮਾਮਲਾ ਗੁਰੂਗ੍ਰਾਮ ਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸੈਕਟਰ 29 ਥਾਣੇ ਦੀ ਚਕਰਪੁਰ ਚੌਕੀ ਵਿੱਚ ਮਾਂ-ਪੁੱਤ ਨੂੰ ਰੱਖਿਆ ਹੈ । ਬੱਚੇ ਦੀ ਉਮਰ ਹੁਣ 10 ਸਾਲ ਹੈ। ਪੁਲਿਸ ਨੇ ਦੱਸਿਆ ਹੈ ਕਿ ਔਰਤ ਦੇ ਪਤੀ ਨੇ ਸ਼ਿਕਾਇਤ ਦਰਜ਼ ਕੀਤੀ ਸੀ ਕਿ ਉਸ ਦੀ ਪਤਨੀ ਮਾਨਸਿਕ ਤੌਰ ‘ਤੇ ਬਿਮਾਰ ਹੈ।
21 ਫਰਵਰੀ ਨੂੰ ਇਲਾਕੇ ਦੀ ਪੁਲਿਸ ਬਾਲ ਭਲਾਈ ਟੀਮ ਦੇ ਨਾਲ ਔਰਤ ਦੇ ਘਰ ਪਹੁੰਚੀ। ਟੀਮ ਤਿੰਨ ਸਾਲਾਂ ਤੋਂ ਕਮਰੇ ਵਿੱਚ ਜਮ੍ਹਾਂ ਕੂੜਾ ਦੇਖ ਕੇ ਹੈਰਾਨ ਰਹਿ ਗਈ। ਗੁਰੂਗ੍ਰਾਮ ਦੇ ਚੀਫ ਮੈਡੀਕਲ ਅਫਸਰ ਵੀਰੇਂਦਰ ਯਾਦਵ ਨੇ ਦੱਸਿਆ ਕਿ ਔਰਤ ਨੂੰ ਡਰ ਸੀ ਕਿ ਬਾਹਰ ਨਿਕਲਣ ‘ਤੇ ਉਸ ਨੂੰ ਕੋਰੋਨਾ ਹੋ ਜਾਵੇਗਾ। ਉਹ ਹਾਲੇ ਵੀ ਬਾਹਰ ਨਿਕਲਣ ਤੋਂ ਡਰ ਰਹੀ ਸੀ।
ਸੂਚਨਾ ਦੇ ਅਨੁਸਾਰ ਇਸ ਪਰਿਵਾਰ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਬਾਹਰ ਜਾਣਾ ਬੰਦ ਕਰ ਦਿੱਤਾ ਸੀ। ਦੂਜੀ ਲਹਿਰ ਤੋਂ ਪਹਿਲਾਂ ਔਰਤ ਦਾ ਪਤੀ ਕੰਮ ‘ਤੇ ਜਾਣ ਲਈ ਬਾਹਰ ਚਲਾ ਗਿਆ। ਪਤੀ ਦੇ ਅਨੁਸਾਰ ਇਸ ਤੋਂ ਬਾਅਦ ਉਸ ਨੂੰ ਵੀ ਘਰ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਔਰਤ ਨੂੰ ਡਰ ਸੀ ਕਿ ਕਿਤੇ ਉਸਦਾ ਪਤੀ ਬਾਹਰੋਂ ਕੋਰੋਨਾ ਸੰਕਰਮਿਤ ਨਾ ਆ ਜਾਵੇ ਅਤੇ ਉਸਨੂੰ ਵੀ ਇਨਫੈਕਟਿਡ ਨਾ ਕਰ ਦੇਵੇ। ਇਸ ਤੋਂ ਬਾਅਦ ਔਰਤ ਦਾ ਪਤੀ ਪਿਛਲੇ ਡੇਢ ਸਾਲ ਤੋਂ ਚੱਕਰਪੁਰ ‘ਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਿਹਾ ਸੀ।
ਰਿਪੋਰਟ ਦੇ ਮੁਤਾਬਿਕ ਔਰਤ ਦਾ ਪਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਗਿਆ ਸੀ ਪਰ ਪੁਲਿਸ ਨੇ ਘਰੇਲੂ ਮਾਮਲਾ ਦੱਸ ਕੇ ਵਾਪਸ ਮੋੜ ਦਿੱਤਾ ਸੀ। ਔਰਤ ਦਾ ਪਤੀ 6 ਮਹੀਨੇ ਬਾਅਦ 19 ਫਰਵਰੀ ਨੂੰ ਫਿਰ ਥਾਣੇ ਪਹੁੰਚਿਆ। ਇੱਥੇ ਪਰਵੀਨ ਨਾਂ ਦੇ ਪੁਲਿਸ ਮੁਲਾਜ਼ਮ ਨੇ ਉਸ ਦੀ ਗੱਲ ਸੁਣੀ। ਜਦੋਂ ਪਰਵੀਨ 20 ਫਰਵਰੀ ਨੂੰ ਔਰਤ ਅਤੇ ਬੱਚੇ ਨੂੰ ਦੇਖਣ ਗਏ ਤਾਂ ਔਰਤ ਨੇ ਧਮਕੀ ਦਿੱਤੀ ਕਿ ਜੇਕਰ ਜ਼ਬਰਦਸਤੀ ਕੀਤੀ ਗਈ ਤਾਂ ਬੱਚੇ ਨੂੰ ਮਾਰ ਦਿੱਤਾ ਜਾਵੇਗਾ। ਪੁਲਿਸ ਨੇ ਮਾਂ ਅਤੇ ਬੱਚੇ ਨੂੰ ਬਾਹਰ ਕੱਢਿਆ ਗਿਆ।ਇਸ ਤੋਂ ਬਾਅਦ ਮਾਂ-ਪੁੱਤ ਨੂੰ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਗਿਆ ਹੈ।