ਕਰਨਾਟਕ ਦੇ ਹਸਨ ‘ਚ ਆਈਫੋਨ ਲਈ ਡਿਲੀਵਰੀ ਕਰਨ ਆਏ ਲੜਕੇ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ। 20 ਸਾਲਾ ਨੌਜਵਾਨ ਨੇ ਇਹ ਕਤਲ ਇਸ ਲਈ ਕੀਤਾ ਕਿਉਂਕਿ ਉਸ ਕੋਲ ਮੋਬਾਈਲ ਖਰੀਦਣ ਲਈ ਪੈਸੇ ਨਹੀਂ ਸੀ । ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲਾ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਡਿਲੀਵਰੀ ਵਾਲੇ ਮੁੰਡੇ ਦੀ ਲਾਸ਼ ਨੂੰ 3 ਦਿਨ ਤੱਕ ਘਰ ‘ਚ ਰੱਖਿਆ। ਫਿਰ ਲਾਸ਼ ਨੂੰ ਰੇਲਵੇ ਸਟੇਸ਼ਨ ਦੇ ਕੋਲ ਸੁੱਟ ਕੇ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ |
ਮੁਲਜ਼ਮ ਹੇਮੰਤ ਦੱਤਾ ਮੋਬਾਈਲ ਖਰੀਦਣਾ ਚਾਹੁੰਦਾ ਸੀ, ਪਰ ਉਸ ਕੋਲ ਪੈਸੇ ਨਹੀਂ ਸੀ| ਇਸ ਦੇ ਲਈ ਮੁਲਜ਼ਮ ਨੇ ਯੋਜਨਾ ਬਣਾਈ। ਉਸਨੇ ਸਭ ਤੋਂ ਪਹਿਲਾਂ ਫਲਿੱਪਕਾਰਟ ਤੋਂ ਆਈਫੋਨ ਆਰਡਰ ਕੀਤਾ। 7 ਫਰਵਰੀ ਨੂੰ ਜਦੋਂ 23 ਸਾਲਾ ਮੁੰਡਾ ਮੋਬਾਈਲ ਦੀ ਡਿਲੀਵਰੀ ਕਰਨ ਲਈ ਮੁਲਜ਼ਮ ਦੇ ਘਰ ਪਹੁੰਚਿਆ ਤਾਂ ਮੁਲਜ਼ਮ ਨੇ ਉਸ ਨੂੰ ਉਡੀਕ ਕਰਨ ਲਈ ਕਿਹਾ।
ਕੁਝ ਸਮੇਂ ਬਾਅਦ ਮੁਲਜ਼ਮ ਨੇ ਉਸ ਨੂੰ ਅੰਦਰ ਬੁਲਾ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤ ਲੜਕੇ ਦੀ ਲਾਸ਼ ਪੁਲਿਸ ਨੇ 11 ਫਰਵਰੀ ਨੂੰ ਰੇਲਵੇ ਸਟੇਸ਼ਨ ਦੇ ਨੇੜੇ ਤੋਂ ਬਰਾਮਦ ਕੀਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਕਤਲ ਦੇ ਤਿੰਨ ਦਿਨ ਬਾਅਦ ਮ੍ਰਿਤਕ ਦੇ ਭਰਾ ਮੰਜੂ ਨਾਇਕ ਨੇ ਥਾਣੇ ‘ਚ ਹੇਮੰਤ ਨਾਇਕ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਵੀ ਦੋਸ਼ੀ ਨੂੰ ਪੈਟਰੋਲ ਪੰਪ ਤੋਂ ਬੋਤਲ ‘ਚ ਪੈਟਰੋਲ ਖਰੀਦਦੇ ਦੇਖਿਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਸੈਕਿੰਡ ਹੈਂਡ ਆਈਫੋਨ ਆਨਲਾਈਨ ਆਰਡਰ ਕੀਤਾ ਸੀ, ਜਿਸ ਦੀ ਕੀਮਤ 46,000 ਰੁਪਏ ਸੀ। ਡਿਲੀਵਰੀ ਵਾਲੇ ਲੜਕੇ ਹੇਮੰਤ ਨਾਇਕ ਨੂੰ ਇਸ ਆਰਡਰ ਦੀ ਡਿਲੀਵਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਹ ਡਿਲਵਰੀ ਬੁਆਏ ਫਲਿੱਪਕਾਰਟ ਕੰਪਨੀ ਤੋਂ ਸੀ |
ਪੁਲਿਸ ਦੇ ਅਨੁਸਾਰ ਮੁਲਜ਼ਮ ਬਿਨਾਂ ਪੈਸੇ ਦਿੱਤੇ ਮੋਬਾਈਲ ਲੈ ਕੇ ਕਮਰੇ ਅੰਦਰ ਚਲਾ ਗਿਆ। ਨਾਇਕ ਨੇ ਦਰਵਾਜ਼ੇ ‘ਤੇ ਪੈਸਿਆਂ ਦੀ ਉਡੀਕ ਕੀਤੀ, ਪਰ ਹੇਮੰਤ ਦੱਤਾ ਨੇ ਉਸ ਨੂੰ ਬਹਾਨੇ ਨਾਲ ਘਰ ਦੇ ਅੰਦਰ ਬੁਲਾ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਕੁਝ ਸਮਝ ਨਾ ਆਇਆ ਤਾਂ ਉਸ ਨੇ ਤਿੰਨ ਦਿਨ ਤੱਕ ਲਾਸ਼ ਨੂੰ ਆਪਣੇ ਘਰ ਵਿੱਚ ਹੀ ਰੱਖ ਲਿਆ|