ਤੁਰਕੀ ਅਤੇ ਸੀਰੀਆ ‘ਚ ਭੂਚਾਲ ਦੇ 10 ਦਿਨਾਂ ਬਾਅਦ ਵੀ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਰਕੀ ਦੇ ਅਧਿਕਾਰੀਆਂ ਨੇ 35,418 ਅਤੇ ਸੀਰੀਆਈ ਸਰਕਾਰ ਨੇ 5,800 ਤੋਂ ਵੱਧ ਮੌਤਾਂ ਦੀ ਪੁਸ਼ਟੀ ਕੀਤੀ ਹੈ। ਦੋਹਾਂ ਦੇਸ਼ਾਂ ‘ਚ ਰਾਹਤ ਅਤੇ ਬਚਾਅ ਦੇ ਕੰਮ ਹਾਲੇ ਵੀ ਜਾਰੀ ਹੈ।
ਖ਼ਬਰਾਂ ਦੇ ਅਨੁਸਾਰ ਬਚਾਅ ਕਾਰਜ ਨੂੰ ਪੂਰਾ ਕਰਨ ਲਈ 1 ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ। ਇਸ ਵਿੱਚ ਵੱਖ-ਵੱਖ ਤਰ੍ਹਾਂ ਦੇ 5500 ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਹੁਣ ਤੱਕ 95 ਦੇਸ਼ਾਂ ਨੇ ਤੁਰਕੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ।
ਮਲਬੇ ਹੇਠੋਂ ਲੋਕਾਂ ਨੂੰ ਅਜੇ ਵੀ ਬਾਹਰ ਕੱਢਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 8 ਤੋਂ 9 ਦਿਨਾਂ ਬਾਅਦ ਵੀ ਕਈ ਲੋਕ ਜ਼ਿੰਦਾ ਪਾਏ ਜਾ ਰਹੇ ਹਨ। ਤੁਰਕੀ ਦੇ ਹਤਾਏ ਸੂਬੇ ‘ਚ 26 ਸਾਲਾ ਔਰਤ ਨੂੰ 201 ਘੰਟਿਆਂ ਬਾਅਦ ਬਚਾਇਆ ਗਿਆ ਅਤੇ ਇੱਕ 18 ਸਾਲਾ ਨੌਜਵਾਨ ਨੂੰ 199 ਘੰਟਿਆਂ ਬਾਅਦ ਬਚਾਇਆ ਗਿਆ।
ਕਈ ਦੇਸ਼ ਸੀਰੀਆ ਸਰਹੱਦ ‘ਤੇ ਬਚਾਅ ਕਾਰਜ ਛੱਡ ਕੇ ਵਾਪਸ ਪਰਤ ਰਹੇ ਹਨ। ਐਤਵਾਰ ਨੂੰ, ਇਜ਼ਰਾਈਲ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਐਮਰਜੈਂਸੀ ਉਡਾਣ ਤੋਂ ਆਪਣੀ ਟੀਮ ਹਤਜ਼ਾਲਾ ਗਰੁੱਪ ਨੂੰ ਵਾਪਸ ਬੁਲਾਇਆ। ਇਸ ਤੋਂ ਪਹਿਲਾਂ ਜਰਮਨੀ ਨੇ ਵੀ ਤੁਰਕੀ ਤੋਂ ਆਪਣੇ ਬਚਾਅ ਦਲ ਵਾਪਸ ਲੈ ਲਏ ਸਨ।
ਕਈ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਨੂੰ ਇਨਪੁਟ ਮਿਲੇ ਹਨ ਕਿ ਤੁਰਕੀ ਦੀ ਸਰਹੱਦ ‘ਤੇ ਵੱਖ-ਵੱਖ ਸਮੂਹਾਂ ਵਿਚਾਲੇ ਹਿੰਸਕ ਝੜਪਾਂ ਹੋਣ ਵਾਲੀਆਂ ਹਨ। ਜਿਸ ਕਾਰਨ ਉੱਥੇ ਪਹੁੰਚੇ ਬਚਾਅ ਕਰਮਚਾਰੀਆਂ ਦੀ ਜਾਨ ਨੂੰ ਖਤਰਾ ਹੈ। ਜਰਮਨ ਬਚਾਅ ਦਲ ਨੇ ਵੀ ਦੱਸਿਆ ਕਿ ਗੋਲੀਬਾਰੀ ਚੱਲ ਰਹੀ ਹੈ। ਇਸ ਦੇ ਨਾਲ ਹੀ ਐਤਵਾਰ ਦੇਰ ਰਾਤ ਤੁਰਕੀ ਦੇ ਕਾਹਰਾਮਨਮਾਰਸ ਵਿੱਚ 4.7 ਤੀਬਰਤਾ ਦਾ ਇੱਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਲੋਕ ਚਿੰਤਾ ਵਿੱਚ ਨੇ |
ਦੁਨੀਆਂ ਵਿੱਚ ਹਰ ਸਾਲ ਕਈ ਭੂਚਾਲ ਆਉਂਦੇ ਹਨ ਪਰ ਇਨ੍ਹਾਂ ਦੀ ਤੀਬਰਤਾ ਘੱਟ ਹੁੰਦੀ ਹੈ। ਰਾਸ਼ਟਰੀ ਭੂਚਾਲ ਸੂਚਨਾ ਕੇਂਦਰ ਹਰ ਸਾਲ ਲਗਭਗ 20,000 ਭੂਚਾਲਾਂ ਨੂੰ ਰਿਕਾਰਡ ਕਰਦਾ ਹੈ। ਇਨ੍ਹਾਂ ਵਿੱਚੋਂ 100 ਭੂਚਾਲ ਅਜਿਹੇ ਹਨ ਜੋ ਜ਼ਿਆਦਾ ਨੁਕਸਾਨ ਕਰਦੇ ਹਨ। ਤੁਰਕੀ ਇਸ ਸਮੇਂ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਦੇਸ਼ ਦੀ ਕਰੰਸੀ ਲੀਰਾ ਲਗਾਤਾਰ ਕਮਜ਼ੋਰ ਹੋ ਰਹੀ ਹੈ ਅਤੇ ਮਹਿੰਗਾਈ ਦਰ 57% ਦੇ ਨੇੜੇ ਹੈ। ਮਹਿੰਗਾਈ ਵਧਣ ਕਾਰਨ ਜਨਤਾ ਪ੍ਰੇਸ਼ਾਨ ਹੈ।