ਮੈਲਬੋਰਨ: ਚੋਟੀ ਦੇ ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਸੋਮਵਾਰ ਨੂੰ ਇੱਥੇ ਆਸਟ੍ਰੇਲੀਅਨ ਓਪਨ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ‘ਚ ਪਹੁੰਚ ਗਏ। ਭਾਰਤੀ ਜੋੜੀ ਨੇ ਆਪਣੇ ਦੂਜੇ ਦੌਰ ਦੇ ਮੈਚ ਵਿੱਚ ਜਾਪਾਨ ਦੇ ਮਾਕੋਟੋ ਨਿਨੋਮੀਆ ਅਤੇ ਉਰੂਗਵੇ ਦੇ ਏਰੀਅਲ ਬੇਹਾਰ ਦੀ ਜੋੜੀ ਨੂੰ 6-4, 7-6 (11-9) ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ ਲਾਤਵੀਆਈ-ਸਪੈਨਿਸ਼ ਜੋੜੀ ਜੇਲੇਨਾ ਓਸਤਾਪੇਂਕੋ ਅਤੇ ਡੇਵਿਡ ਵੇਗਾ ਹਰਨਾਂਡੇਜ਼ ਨਾਲ ਹੋਵੇਗਾ।
ਰੀਓ ਓਲੰਪਿਕ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਸਾਨੀਆ ਅਤੇ ਬੋਪੰਨਾ ਨੇ ਪਹਿਲੇ ਦੌਰ ‘ਚ ਆਸਟ੍ਰੇਲੀਆਈ ਜੋੜੀ ਜੈਮੀ ਫੋਰਲਿਸ ਅਤੇ ਲਿਊਕ ਸੇਵਿਲ ਨੂੰ ਹਰਾਇਆ ਸੀ। ਸਾਨੀਆ ਆਪਣਾ ਆਖਰੀ ਗਰੈਂਡ ਸਲੈਮ ਖੇਡ ਰਹੀ ਹੈ। ਛੇ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਡਬਲਯੂਟੀਏ 1000 ਈਵੈਂਟ, ਦੁਬਈ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਵੇਗੀ। ਮਹਿਲਾ ਡਬਲਜ਼ ਵਿੱਚ, ਸਾਨੀਆ ਅਤੇ ਉਸ ਦੀ ਕਜ਼ਾਕ ਜੋੜੀਦਾਰ ਅਨਾ ਡੈਨੀਲਿਨਾ ਦੀ ਆਸਟ੍ਰੇਲੀਅਨ ਓਪਨ ਮੁਹਿੰਮ ਐਤਵਾਰ ਨੂੰ ਯੂਕਰੇਨ-ਬੈਲਜੀਅਮ ਦੀ ਐਲੀਸਨ ਵਾਨ ਵਾਟਵਾਂਕ ਅਤੇ ਐਨਹੇਲਿਨਾ ਕਾਲਿਨੀਨਾ ਦੀ ਜੋੜੀ ਤੋਂ ਦੂਜੇ ਦੌਰ ਵਿੱਚ ਹਾਰਨ ਤੋਂ ਬਾਅਦ ਖਤਮ ਹੋ ਗਈ।