ਰੋਹਤਕ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸ਼ਨੀਵਾਰ ਨੂੰ ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ‘ਤੇ ਰਿਹਾਅ ਹੋ ਗਿਆ। ਰੋਹਤਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਮ ਰਹੀਮ ਨੂੰ ਦੁਪਹਿਰ ਬਾਅਦ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਦਾ ਦੌਰਾ ਕਰਨਗੇ।
ਡੇਰਾ ਮੁਖੀ ਆਪਣੀਆਂ ਦੋ ਚੇਲਿਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਤਿੰਨ ਮਹੀਨੇ ਪਹਿਲਾਂ ਵੀ ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 40 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਇਹ ਨਿਯਮਾਂ ਮੁਤਾਬਕ ਹੈ।” ਡੇਰਾ ਮੁਖੀ ਦੀ ਆਖਰੀ 40 ਦਿਨਾਂ ਦੀ ਪੈਰੋਲ ਪਿਛਲੇ ਸਾਲ 25 ਨਵੰਬਰ ਨੂੰ ਖਤਮ ਹੋ ਗਈ ਸੀ। ਉਹ 14 ਅਕਤੂਬਰ ਨੂੰ ਰਿਹਾਅ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਸਥਿਤ ਆਪਣੇ ਬਰਨਾਵਾ ਆਸ਼ਰਮ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਪੈਰੋਲ ਦੇ ਸਮੇਂ ਦੌਰਾਨ ਡੇਰਾ ਮੁਖੀ ਦੇ 25 ਜਨਵਰੀ ਨੂੰ ਸਾਬਕਾ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ਦੇ ਸਮਾਗਮਾਂ ਵਿਚ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅਕਤੂਬਰ-ਨਵੰਬਰ ਵਿੱਚ ਆਪਣੀ ਆਖਰੀ ਪੈਰੋਲ ਮਿਆਦ ਦੇ ਦੌਰਾਨ, 55 ਸਾਲਾ ਸਿਰਸਾ ਡੇਰਾ ਮੁਖੀ ਨੇ ਬਰਨਾਵਾ ਆਸ਼ਰਮ ਵਿੱਚ “ਸਤਿਸੰਗ” ਦੇ ਕਈ ਆਨਲਾਈਨ ਸੈਸ਼ਨ ਕਰਵਾਏ ਸਨ। ਇਨ੍ਹਾਂ ਵਿੱਚੋਂ ਕੁਝ ਸੈਸ਼ਨਾਂ ਵਿੱਚ ਹਰਿਆਣਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਨੇ ਸ਼ਿਰਕਤ ਕੀਤੀ। ਡੇਰਾ ਮੁਖੀ ਅਕਤੂਬਰ ਦੀ ਪੈਰੋਲ ਤੋਂ ਪਹਿਲਾਂ ਜੂਨ ਵਿੱਚ ਇੱਕ ਮਹੀਨੇ ਦੀ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਤੋਂ ਇਲਾਵਾ, ਉਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਦੋ ਹਫ਼ਤੇ ਪਹਿਲਾਂ 7 ਫਰਵਰੀ, 2022 ਤੋਂ ਤਿੰਨ ਹਫ਼ਤਿਆਂ ਦੀ ਛੁੱਟੀ ਦਿੱਤੀ ਗਈ ਸੀ।