ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਦੇ ਚੱਲਦਿਆਂ ਠੰਡ ਵਧਣ ਨਾਲ ਹਾਲਾਤ ਬੁਹਤ ਵਿਗੜ ਗਏ ਹਨ। ਇਸਦੇ ਨਾਲ ਹੀ ਰਾਜ ਵਿੱਚ 4 ਨੈਸ਼ਨਲ ਹਾਈਵੇ ਸਣੇ 700 ਤੋਂ ਜ਼ਿਆਦਾ ਸੜਕਾਂ ਬੰਦ ਹੋ ਗਈਆਂ ਹਨ। ਉੱਥੇ ਹੀ ਜੇ ਦੇਖਿਆ ਜਾਵੇ ਤਾਂ ਇਸ ਵਿਚਾਲੇ ਖ਼ਬਰ ਸਾਹਮਣੇ ਆ ਰਹੀ ਹੈ ਕਿ ਧਰਮਸ਼ਾਲਾ ਦੇ ਯੋਲ ਨੇੜੇ ਸਲਾਈਡਿੰਗ ਜ਼ੋਨ ਲਈ ਟ੍ਰੈਕਿੰਗ ‘ਤੇ ਗਏ ਚਾਰ ਦੋਸਤਾਂ ਵਿੱਚੋਂ ਦੋ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਜਿਸ ਤੋਂ ਬਾਅਦ ਐਤਵਾਰ ਦੇਰ ਸ਼ਾਮ ਦੋ ਜ਼ਖਮੀਆਂ ਨੂੰ ਇਲਾਜ਼ ਲਈ ਧਰਮਸ਼ਾਲਾ ਪਹੁੰਚਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਚਾਰ ਦੋਸਤਾਂ ਵਿੱਚ 18 ਸਾਲਾਂ ਰੋਹਿਤ, 17 ਸਾਲਾਂ ਸਤਿਅਮ, 16 ਸਾਲਾਂ ਰੋਹਿਤ ਅਤੇ ਮੌਂਟੀ ਧੀਮਾਨ ਸ਼ਾਮਿਲ ਸਨ ਜੋ ਕਿ ਸ਼ਨੀਵਾਰ ਨੂੰ ਰਾਈਜ਼ਿੰਗ ਸਟਾਰ ਹਿੱਲ ਟਾਪ ਲਈ ਰਵਾਨਾ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਭਾਰੀ ਬਰਫਬਾਰੀ ਦੌਰਾਨ ਉਹ ਆਪਣਾ ਰਸਤਾ ਭੁੱਲ ਗਏ। ਜਿਸ ਤੋਂ ਬਾਅਦ ਬਚਾਅ ਟੀਮ ਨੇ ਉਨ੍ਹਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਗਈ ।
ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧੀ ਏਐਸਪੀ ਕਾਂਗੜਾ ਪੁਨੀਤ ਰਘੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਲੜਕੇ ਟ੍ਰੈਕਿੰਗ ਲਈ ਗਏ ਸਨ ਅਤੇ ਦੇਰ ਸ਼ਾਮ ਤੱਕ ਵਾਪਸ ਨਹੀਂ ਆਏ । ਇਸ ਸਬੰਧੀ ਸੂਚਨਾ ਮਿਲਣ ‘ਤੇ ਭਾਰੀ ਬਰਫ਼ਬਾਰੀ ਵਿੱਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਪੁਲਿਸ ਅਤੇ ਬਚਾਅ ਟੀਮਾਂ ਨੇ ਮੁਹਿੰਮ ਚਲਾਈ ਹੈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਦਾ ਪਤਾ ਲਗਾਇਆ ਗਿਆ ਪਰ ਉਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਸੀ ਅਤੇ ਬਾਕੀ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ, ਦੱਸ ਦੇਈਏ ਕਿ ਉਚਾਈ ਤੋਂ ਡਿੱਗਣ ਕਾਰਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਦੋਹਾਂ ਦੀ ਹਾਲਤ ਸਥਿਰ ਹੈ ਅਤੇ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।