ਲੁਧਿਆਣਾ: ਐਨਸੀਬੀ ਦੀ ਟੀਮ ਨੇ ਮੰਗਲਵਾਰ ਦੇਰ ਰਾਤ ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਛਾਪੇਮਾਰੀ ਕਰਕੇ 20 ਕਿਲੋ ਹੈਰੋਇਨ, 17 ਗ੍ਰਾਮ ਅਫੀਮ, 2 ਕਾਰਤੂਸ, 5.50 ਲੱਖ ਦੀ ਭਾਰਤੀ ਕਰੰਸੀ ਅਤੇ 3000 ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਇੱਕ ਅਰਬ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਮੁਲਜ਼ਮ ਦਾ ਨਾਂ ਸੰਦੀਪ ਸਿੰਘ ਹੈ, ਉਹ ਜਨਤਾ ਨਗਰ ਦਾ ਰਹਿਣ ਵਾਲਾ ਹੈ। ਮੁਲਜ਼ਮ ਸੰਦੀਪ ਸਿੰਘ ਸ਼ਰਾਬ ਕਾਰੋਬਾਰੀ ਦੇ ਲੜਕੇ ਦਾ ਡਰਾਈਵਰ ਦੱਸਿਆ ਜਾਂਦਾ ਹੈ। ਸੰਦੀਪ ਸਿੰਘ ਨੇ ਇਹ ਹੈਰੋਇਨ ਸ਼ਰਾਬ ਕਾਰੋਬਾਰੀ ਦੇ ਲੜਕੇ ਨੂੰ ਹੀ ਦੇਣੀ ਸੀ। ਸ਼ਰਾਬ ਕਾਰੋਬਾਰੀ ਦਾ ਲੜਕਾ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ NCB ਦੋਸ਼ੀ ਸੰਦੀਪ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਚੰਡੀਗੜ੍ਹ ਟੀਮ ਨੇ ਇਹ ਕਾਰਵਾਈ ਕੀਤੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਹੈਰੋਇਨ ਦੀ ਵੱਡੀ ਖੇਪ ਲੈ ਕੇ ਆ ਰਿਹਾ ਹੈ। ਟੀਮ ਨੇ ਦੁੱਗਰੀ ਇਲਾਕੇ ਵਿੱਚ ਜਾਲ ਵਿਛਾ ਕੇ ਕਾਰ ਵਿੱਚ ਸਵਾਰ ਮੁਲਜ਼ਮਾਂ ਨੂੰ ਰੋਕ ਲਿਆ। ਕਾਰ ‘ਚੋਂ ਹੈਰੋਇਨ ਦੀ ਖੇਪ ਬਰਾਮਦ ਹੋਈ। ਦੂਜੇ ਪਾਸੇ ਬੁੱਧਵਾਰ ਨੂੰ ਐੱਨ. ਸੀਬੀ ਦੀ ਟੀਮ ਨੇ ਮੁਲਜ਼ਮ ਸੰਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਉਸ ਦਾ 6 ਦਿਨ ਦਾ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਐਨਸੀਬੀ ਸ਼ਰਾਬ ਕਾਰੋਬਾਰੀ ਦੇ ਬੇਟੇ ਦੀ ਵੀ ਭਾਲ ਕਰ ਰਹੀ ਹੈ।