ਚੰਡੀਗੜ੍ਹ: ਨੂਹ ਜ਼ਿਲ੍ਹੇ ਤੋਂ ਛੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੇ ਦੇਸ਼ ਦੇ ਕਈ ਰਾਜਾਂ ਵਿੱਚ ਏਟੀਐਮ ਕੱਟਣ ਅਤੇ ਲੁੱਟ-ਖੋਹ ਦੀਆਂ ਹੋਰ ਵਾਰਦਾਤਾਂ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਚਾਰ ਦੇਸੀ ਪਿਸਤੌਲ, ਚਾਰ ਕਾਰਤੂਸ, ਇੱਕ ਏਟੀਐਮ ਕਟਰ ਮਸ਼ੀਨ, ਫੋਗ ਸਪਰੇਅ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗਿਰੋਹ ਮਹਾਰਾਸ਼ਟਰ, ਅਸਾਮ ਅਤੇ ਗੁਜਰਾਤ ਰਾਜਾਂ ਵਿੱਚ ਏਟੀਐਮ ਚੋਰੀ ਦੀਆਂ ਵਾਰਦਾਤਾਂ ਵਿੱਚ ਸਰਗਰਮ ਸੀ। ਇਨ੍ਹਾਂ ਦੀ ਗ੍ਰਿਫਤਾਰੀ ਨੇ ਨੋਇਡਾ, ਗਾਜ਼ੀਆਬਾਦ, ਰੇਵਾੜੀ, ਗੁਰੂਗ੍ਰਾਮ ਅਤੇ ਨੂਹ ਵਿੱਚ ਹਾਈਵੇ ਡਕੈਤੀ ਦੀਆਂ 11 ਘਟਨਾਵਾਂ ਦਾ ਵੀ ਪਰਦਾਫਾਸ਼ ਕੀਤਾ ਹੈ। ਕਈ ਰਾਜਾਂ ਦੀ ਪੁਲਿਸ ਲੰਬੇ ਸਮੇਂ ਤੋਂ ਇਸ ਗਿਰੋਹ ਦੀ ਤਲਾਸ਼ ਕਰ ਰਹੀ ਸੀ।
ਪੁਲਿਸ ਨੇ ਉਨ੍ਹਾਂ ਸਾਰੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਨੂਹ ਜ਼ਿਲੇ ਦੇ ਅਰਾਵਲੀ ਪਹਾੜੀਆਂ ‘ਤੇ ਸਥਿਤ ਇਕ ਧਾਰਮਿਕ ਸਥਾਨ ਨੇੜੇ ਬੈਠ ਕੇ ਰਾਹਗੀਰਾਂ ਨੂੰ ਲੁੱਟਣ ਦੀ ਸਾਜ਼ਿਸ਼ ਰਚ ਰਹੇ ਸਨ। ਸਾਰੇ ਬਦਮਾਸ਼ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ। ਸੂਚਨਾ ਮਿਲਣ ’ਤੇ ਪੁਲੀਸ ਦੀ ਟੀਮ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੈਂਗ ਲੀਡਰ ਸਾਜਿਦ ਉਰਫ ਕਾਲਾ, ਅਹਿਬ, ਯੂਸਫ, ਮਜੀਦ, ਵਸੀਮ ਅਤੇ ਸਾਜਿਦ ਵਜੋਂ ਹੋਈ ਹੈ। ਜਾਂਚ ਵਿਚ ਸਾਹਮਣੇ ਆਇਆ ਕਿ 11 ਸਾਲ ਪਹਿਲਾਂ ਅਪਰਾਧ ਦੀ ਦੁਨੀਆ ਵਿਚ ਪ੍ਰਵੇਸ਼ ਕਰਨ ਵਾਲੇ ਗੈਂਗ ਦੇ ਸਰਗਨਾ ਸਾਜਿਦ ਉਰਫ ਕਾਲਾ ਖਿਲਾਫ ਦੋ ਦਰਜਨ ਅਪਰਾਧਿਕ ਮਾਮਲੇ ਦਰਜ ਹਨ। ਉਹ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਦਿੱਲੀ ਵਿੱਚ ਦਰਜ ਕਰੀਬ 15 ਮਾਮਲਿਆਂ ਵਿੱਚ ਵੀ ਭਗੌੜਾ ਹੈ।
ਮੁਢਲੀ ਪੁੱਛਗਿੱਛ ‘ਚ ਸਾਜਿਦ ਤੋਂ ਕਰੀਬ 2 ਦਰਜਨ ਵਾਰਦਾਤਾਂ ਦਾ ਖੁਲਾਸਾ ਹੋਇਆ ਹੈ। ਸਭ ਤੋਂ ਵੱਧ ਮਾਮਲੇ ਹਰਿਆਣਾ ਅਤੇ ਦਿੱਲੀ ਵਿੱਚ ਦਰਜ ਹਨ। ਉਨ੍ਹਾਂ ਦੱਸਿਆ ਕਿ ਏ.ਟੀ.ਐਮ ਕਟਰ ਮਸ਼ੀਨ ਦੀ ਮਦਦ ਨਾਲ ਇਹ ਗਿਰੋਹ ਪਿਛਲੇ ਕਾਫੀ ਸਮੇਂ ਤੋਂ ਏ.ਟੀ.ਐਮ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸਰਗਰਮ ਸੀ।