ਪੰਜਾਬ ਚ ਕੋਰੋਨਾ ਦੇ ਕੇਸ ਦਿਨੋ ਦਿਨ ਵੱਧਦੇ ਨਜ਼ਰ ਆ ਰਹੇ ਹਨ| ਪੰਜਾਬ ‘ਚ ਕੋਰੋਨਾ ਕਾਰਨ ਮੌਤਾਂ ਨੇ ਜ਼ੋਰ ਫੜ ਲਿਆ ਹੈ। ਮੰਗਲਵਾਰ ਨੂੰ ਇਕ ਦਿਨ ‘ਚ ਕੋਰੋਨਾ ਨਾਲ 26 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 47 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਸੂਬੇ ਦੇ ਮੁਹਾਲੀ ਜ਼ਿਲ੍ਹੇ ਵਿੱਚ ਸਥਿਤੀ ਬੇਕਾਬੂ ਹੋ ਗਈ ਹੈ, ਜਿੱਥੇ ਇੱਕ ਦਿਨ ਵਿੱਚ 1,196 ਮਰੀਜ਼ ਮਿਲੇ ਹਨ। ਜਦਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਪਟਿਆਲਾ ਵਿੱਚ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇੱਥੇ 32.88 ਫ਼ੀਸਦ ਦਰ ਨਾਲ 578 ਮਰੀਜ਼ ਪਾਏ ਗਏ ਅਤੇ 7 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ।
ਪਿੱਛਲੇ ਮੰਗਲਵਾਰ ਨੂੰ ਪੰਜਾਬ ਵਿੱਚ 42 ਨਵੇਂ ਮਰੀਜ਼ ਲਾਈਫ ਸੇਵਿੰਗ ਸਪੋਰਟ ਪਹੁੰਚੇ। ਇਨ੍ਹਾਂ ‘ਚੋਂ 9 ਕੋਰੋਨਾ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ, ਜਦਕਿ 33 ਮਰੀਜ਼ਾਂ ਨੂੰ ਆਈਸੀਯੂ ‘ਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਸਭ ਤੋਂ ਮਾੜੀ ਸਥਿਤੀ ਜਲੰਧਰ ਦੀ ਹੈ, ਜਿੱਥੇ 15 ਮਰੀਜ਼ਾਂ ਨੂੰ ਆਈਸੀਯੂ ਅਤੇ 6 ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ। ਹੁਣ ਪੰਜਾਬ ਵਿੱਚ ਜੀਵਨ ਰੱਖਿਅਕ ਸਹਾਇਤਾ ‘ਤੇ ਮਰੀਜ਼ਾਂ ਦੀ ਗਿਣਤੀ 1,012 ਹੋ ਗਈ ਹੈ, ਜਿਨ੍ਹਾਂ ਵਿੱਚੋਂ 756 ਆਕਸੀਜਨ, 209 ਆਈਸੀਯੂ ਅਤੇ 47 ਵੈਂਟੀਲੇਟਰ ‘ਤੇ ਪਹੁੰਚ ਚੁੱਕੇ ਹਨ।
ਪੰਜਾਬ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 44 ਹਜ਼ਾਰ ਹੋ ਗਈ ਹੈ। ਮੰਗਲਵਾਰ ਨੂੰ ਸਭ ਤੋਂ ਵੱਧ 1,196 ਮਰੀਜ਼ ਮੋਹਾਲੀ ਵਿੱਚ ਪਾਏ ਗਏ, ਜਿੱਥੇ ਸਕਾਰਾਤਮਕਤਾ ਦਰ 47.24 ਫ਼ੀਸਦ ਰਹੀ। ਇਸ ਤੋਂ ਬਾਅਦ ਲੁਧਿਆਣਾ ਵਿੱਚ 25.48 ਫ਼ੀਸਦ ਲਾਗ ਦਰ ਨਾਲ 914, ਜਲੰਧਰ ਵਿੱਚ 19.20 ਫ਼ੀਸਦ ਸੰਕਰਮਣ ਦਰ ਨਾਲ 613 ਅਤੇ ਅੰਮ੍ਰਿਤਸਰ ਵਿੱਚ 24.19 ਫ਼ੀਸਦ ਸੰਕਰਮਣ ਦਰ ਨਾਲ 612 ਮਰੀਜ਼ ਪਾਏ ਗਏ। ਮੰਗਲਵਾਰ ਨੂੰ ਰਾਜ ਵਿੱਚ ਕੁੱਲ 6,641 ਮਰੀਜ਼ ਪਾਏ ਗਏ ਅਤੇ ਸਕਾਰਾਤਮਕਤਾ ਦਰ 21.51 ਫ਼ੀਸਦ ਰਹੀ।