ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਆਪਣੇ ਗ੍ਰਹਿ ਖੇਤਰ ਸੰਗਰੂਰ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਦਸ ਦੇਈਏ ਕਿ ਪਾਰਟੀ ਇਸ ਬਾਰੇ ਜਲਦੀ ਹੀ ਐਲਾਨ ਕਰੇਗੀ ਤੇ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ।
ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ‘ਆਪ’ ਸੱਤਾ ‘ਚ ਆਉਂਦੀ ਹੈ ਤਾਂ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ ਅਤੇ ਸੂਬੇ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨਗੇ। ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਬੀਤੇ ਦਿਨ ਮੋਹਾਲੀ ਵਿਖੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਦੱਸਿਆ। ਉਨ੍ਹਾਂ ਕਿਹਾ ਕਿ ਸਰਵੇ ਵਿੱਚ ਪੰਜਾਬ ਦੇ 21 ਲੱਖ ਤੋਂ ਵੱਧ ਲੋਕਾਂ ਦਾ ਫੀਡਬੈਕ ਮਿਲਿਆ ਹੈ। ਜਿਸ ਵਿੱਚ 93 ਫੀਸਦੀ ਲੋਕਾਂ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁਖ ਮੰਤਰੀ ਵੱਜੋਂ ਪਹਿਲੀ ਪਸੰਦ ਕੀਤਾ ਹੈ ਜਦਕਿ ਦੂਜੇ ਨੰਬਰ ਉੱਤੇ ਨਵਜੋਤ ਸਿੱਧੂ ਦਾ ਨਾਮ ਆਇਆ ਹੈ।
ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ। ਆਮ ਆਦਮੀ ਪਾਰਟੀ ਨੇ 17 ਜਨਵਰੀ ਨੂੰ ਸ਼ਾਮ 5 ਵਜੇ ਤੱਕ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਲੋਕਾਂ ਤੋਂ ਰਾਏ ਮੰਗੀ ਸੀ। ‘ਆਪ’ ਦਾ ਦਾਅਵਾ ਹੈ ਕਿ ਪੰਜਾਬ ‘ਚ ‘ਆਪ’ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਲਈ 21 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਰਾਏ ਭੇਜੀ ਹੈ। ਦਾਅਵੇ ਮੁਤਾਬਕ 17 ਜਨਵਰੀ ਤੱਕ 21.59 ਲੱਖ ਲੋਕਾਂ ਨੇ ਵਟਸਐਪ, ਕਾਲ ਅਤੇ ਮੈਸੇਜ ‘ਤੇ ਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ ‘ਤੇ ਸੁਝਾਅ ਦਿੱਤੇ ਹਨ।
ਪੰਜਾਬੀਆਂ ਨੂੰ ਮੁਸ਼ਕਲਾਂ-ਸੰਕਟਾਂ ‘ਚ ਕੱਢ ਕੇ ਖੁਸ਼ਹਾਲ ਬਣਾਉਣਾ ਹੀ ਸਾਡਾ ਮੁੱਖ ਮਕਸਦ-ਮਾਨ
ਬੀਤੇ ਦਿਨ ਸੀਐੱਮ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਭਾਵੁਕ ਹੋ ਕੇ ਮੀਡੀਆ ਨੂੰ ਸੰਬੋਧਨ ਕੀਤਾ। ਮਾਨ ਨੇ ਕਿਹਾ ਕਿ ਪੰਜਾਬ ਆਪਣੇ ਪੈਰਾਂ ‘ਤੇ ਖੜਾ ਹੋਣਾ ਜਾਣਦਾ ਹੈ। ਪਹਿਲਾਂ ਧਾੜਵੀਆਂ, ਫਿਰ ਅੰਗਰੇਜਾਂ, ਫਿਰ ਭ੍ਰਿਸਟ ਅਤੇ ਮੌਕਾਪ੍ਰਸਤ ਆਗੂਆਂ ਕਾਰਨ ਪੰਜਾਬ ਕਈ ਵਾਰ ਡਿੱਗਿਆ ਪਰੰਤੂ ਪੰਜਾਬੀਆਂ ਨੇ ਕਦੇ ਹੌਂਸਲਾ ਨਹੀਂ ਹਾਰਿਆ ਅਤੇ ਪੰਜਾਬ ਵਾਰ-ਵਾਰ ਖੜਾ ਹੋਇਆ ਅਤੇ ਬੁਲੰਦੀਆਂ ਨੂੰ ਛੂਹਿਆ। ਅੱਜ ਫਿਰ ਪੰਜਾਬ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਪਰੰਤੂ ਪੰਜਾਬ ਅਤੇ ਪੰਜਾਬੀਆਂ ਨੂੰ ਮੁਸ਼ਕਲਾਂ-ਸੰਕਟਾਂ ‘ਚ ਕੱਢ ਕੇ ਖੁਸ਼ਹਾਲ ਬਣਾਉਣਾ ਹੀ ਸਾਡਾ ਮੁੱਖ ਮਕਸਦ ਹੈ।
ਮਾਨ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਅਤੇ ਆਮ ਆਦਮੀ ਪਾਰਟੀ ਲਈ ਇਤਿਹਾਸਕ ਦਿਨ ਹੈ। ਅੱਜ ਤੋਂ ਸਾਡੀ ਜ਼ਿੰਮੇਵਾਰੀ ਦੁੱਗਣੀ ਹੋ ਗਈ ਹੈ। ਪਰ ਸਾਨੂੰ ਅੱਜ ਖ਼ੁਸ਼ੀ ਨਹੀਂ ਮਨਾਉਣੀ ਹੈ। ਅਸੀਂ ਉਦੋਂ ਤੱਕ ਖ਼ੁਸ਼ੀ ਨਹੀਂ ਮਨਾਵਾਂਗੇ ਜਦੋਂ ਤੱਕ ਪੰਜਾਬ ਖ਼ੁਸ਼ਹਾਲ ਨਹੀਂ ਬਣ ਜਾਂਦਾ। ਪੰਜਾਬੀਆਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਉਣਾ ਹੀ ਸਾਡਾ ਟੀਚਾ ਹੈ। ਅਸੀਂ ਪੰਜਾਬ ਦੀ ਖ਼ੁਸ਼ਹਾਲੀ ਵਾਪਸ ਲਿਆਵਾਂਗੇ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ‘ਚੋਂ ਕੱਢਾਂਗੇ ਅਤੇ ਮਜਬੂਰ ਹੋਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਚੰਗੇ ਰੁਜ਼ਗਾਰ ਅਤੇ ਉੱਚ ਸਿੱਖਿਆ ਦੇ ਮੌਕੇ ਉਪਲਬਧ ਕਰਾਵਾਂਗੇ।
ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੀ ਖ਼ੁਸ਼ਹਾਲੀ ਅਤੇ ਸ਼ਾਨ ਨੂੰ ਵਾਪਸ ਲਿਆਉਣ ਲਈ ਹੀ ਰਾਜਨੀਤੀ ਵਿੱਚ ਆਏ ਹਾਂ। ਜਦੋਂ ਵੀ ਸਾਨੂੰ ਪੰਜਾਬ ਲਈ ਕੁੱਝ ਕਰਨ ਅਤੇ ਬੋਲਣ ਦਾ ਮੌਕਾ ਮਿਲਿਆ, ਅਸੀਂ ਪੂਰੀ ਲਗਨ ਅਤੇ ਮਿਹਨਤ ਨਾਲ ਕੀਤਾ। ਸੜਕ ਤੋਂ ਲੈ ਕੇ ਸੰਸਦ ਤੱਕ ਆਵਾਜ਼ ਬੁਲੰਦ ਕੀਤੀ। ਪੰਜਾਬ ਦੇ ਲੋਕਾਂ ਨੇ ਮੇਰੀ ਕਾਮੇਡੀ ਅਤੇ ਰਾਜਨੀਤੀ ਦੋਵਾਂ ਨੂੰ ਬਹੁਤ ਪਿਆਰ ਦਿੱਤਾ ਹੈ।
ਭਗਵੰਤ ਮਾਨ ਸੰਗਰੂਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ
ਇਸ ਐਲਾਨ ਤੋਂ ਬਾਅਦ ਮਾਨ ਭਾਵੁਕ ਹੋ ਗਏ। ਇਸ ਮੌਕੇ ਉਨ੍ਹਾਂ ਦੀ ਮਾਂ ਅਤੇ ਭੈਣ ਵੀ ਮੌਜੂਦ ਸਨ। ਇਸ ਮੌਕੇ ‘ਆਪ’ ਆਗੂ ਰਾਘਵ ਚੱਢਾ ਅਤੇ ਹਰਪਾਲ ਸਿੰਘ ਚੀਮਾ ਵੀ ਹਾਜ਼ਰ ਸਨ। ਮਾਨ (48) ਸੰਗਰੂਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਹਨ। ਅਕਤੂਬਰ 1973 ਵਿੱਚ ਸਤੋਜ ਵਿੱਚ ਜਨਮੇ, ਵਿਅੰਗਕਾਰ ਅਤੇ ਕਾਮੇਡੀਅਨ ਮਾਨ ਦਾ ਸਿਆਸੀ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਹ 2011 ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਸ਼ਾਮਲ ਹੋ ਗਿਆ। ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਪਾਰਟੀ ਬਣਾਈ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਦਾ ਕਾਂਗਰਸ ਵਿੱਚ ਰਲੇਵਾਂ ਕਰ ਲਿਆ।
ਭਗਵੰਤ ਮਾਨ ਦਾ ਸਿਆਸੀ ਇਤਿਹਾਸ
ਮਾਨ ਨੇ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਦੀ ਲਹਿਰਾਗਾਗਾ ਸੀਟ ਤੋਂ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਵਿਰੁੱਧ ਚੋਣ ਲੜੀ ਸੀ ਅਤੇ ਹਾਰ ਗਏ ਸਨ। ਉਹ 2014 ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਅਤੇ ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਖ਼ਿਲਾਫ਼ ਚੋਣ ਲੜੀ। ਉਨ੍ਹਾਂ ਢੀਂਡਸਾ ਨੂੰ ਦੋ ਲੱਖ ਤੋਂ ਵੱਧ ਵੋਟਾਂ ਦੇ ਰਿਕਾਰਡ ਫਰਕ ਨਾਲ ਹਰਾਇਆ।
2014 ਵਿੱਚ ‘ਆਪ’ ਨੇ ਪੰਜਾਬ ਵਿੱਚ ਚਾਰ ਲੋਕ ਸਭਾ ਸੀਟਾਂ ਜਿੱਤੀਆਂ ਸਨ। ਪੱਤਰਕਾਰਾਂ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਉਹ ਲੋਕਾਂ ਲਈ ਕੰਮ ਕਰਦੇ ਰਹਿਣਗੇ ਅਤੇ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਲੱਖਾਂ ਲੋਕਾਂ ਨੇ ਮੇਰੇ ‘ਤੇ ਭਰੋਸਾ ਜਤਾਇਆ ਹੈ ਅਤੇ ਇਹ ਮੇਰੀ ਦੋਹਰੀ ਜ਼ਿੰਮੇਵਾਰੀ ਬਣ ਗਈ ਹੈ। ਮੈਂ ਦੋਹਰੇ ਜੋਸ਼ ਨਾਲ ਕੰਮ ਕਰਾਂਗਾ।