ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਵਿੱਚ ਮਾਰੇ ਗਏ ਮਨਪ੍ਰੀਤ ਮੰਨੂ ਦਾ ਅੰਤਿਮ ਸੰਸਕਾਰ ਅੱਧੀ ਰਾਤ ਨੂੰ ਕਰ ਦਿੱਤਾ ਗਿਆ। ਇਸ ਦੌਰਾਨ ਭਾਰੀ ਪੁਲਿਸ ਬਲ ਉੱਥੇ ਤਾਇਨਾਤ ਦੇਖਿਆ ਗਿਆ। ਇਸ ਦੇ ਨਾਲ ਹੀ ਦੋਵੇਂ ਮੁਲਜ਼ਮ ਗੈਂਗਸਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮੰਨੂ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਗਈ ਹੈ। ਜਿਸ ਅਨੁਸਾਰ ਦੋਵਾਂ ਨੂੰ 6-6 ਗੋਲੀਆਂ ਲੱਗੀਆਂ ਸਨ। ਇਸ ਦੇ ਨਾਲ ਹੀ ਪੁਲਿਸ ਨੂੰ ਮੰਨੂੰ ਦੀ ਲਾਸ਼ ਨੇੜੇ ਤੋਂ ਜੋ ਗ੍ਰੈਨੇਡ ਮਿਲਿਆ ਸੀ, ਉਹ ਵੀ ਉਸਦਾ ਹੀ ਸੀ। ਦੋਵਾਂ ਥੈਲਿਆਂ ਵਿੱਚੋਂ ਦੋ ਪਿਸਤੌਲ ਅਤੇ 31 ਗੋਲੀਆਂ ਬਰਾਮਦ ਹੋਈਆਂ ਹਨ। ਜਦਕਿ ਰੂਪਾ ਦੀ ਜੇਬ ‘ਚੋਂ 6 ਗੋਲੀਆਂ ਅਤੇ 1 ਮੈਗਜ਼ੀਨ ਬਰਾਮਦ ਹੋਇਆ ਹੈ।
ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਕਰੀਬ 5 ਘੰਟੇ ਹੋਈ ਮੁਠਭੇੜ
ਦੱਸ ਦੇਈਏ ਕਿ ਮੂਸੇਵਾਲਾ ਕਤਲ ਕਾਂਡ ਦੇ ਦੋਨਾਂ ਗੈਂਗਸਟਰਾਂ ਨੂੰ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਭਕਨਾ ਪਿੰਡ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਇਹ ਮੁਕਾਬਲਾ ਕਰੀਬ 5 ਘੰਟੇ ਤੱਕ ਚੱਲਿਆ। ਇਸ ਆਪਰੇਸ਼ਨ ‘ਚ ਜਿੱਥੇ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ, ਉੱਥੇ ਹੀ ਕੁੱਲ 3 ਪੁਲਿਸ ਵਾਲੇ ਵੀ ਜ਼ਖਮੀ ਹੋ ਗਏ।