ਭਾਰਤੀ ਕ੍ਰਿਕਟ ਟੀਮ ਅਗਲੇ ਮਹੀਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਜ਼ਿੰਬਾਬਵੇ ਦਾ ਦੌਰਾ ਕਰੇਗੀ। ਜ਼ਿੰਬਾਬਵੇ ਕ੍ਰਿਕਟ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰਾਰੇ ਵਿੱਚ 18, 20 ਅਤੇ 22 ਅਗਸਤ ਨੂੰ ਤਿੰਨ ਇੱਕ ਰੋਜ਼ਾ ਮੈਚ ਖੇਡੇ ਜਾਣਗੇ।
ਸੰਭਾਵਨਾ ਹੈ ਕਿ ਕੇਐੱਲ ਰਾਹੁਲ ਇਸ ਦੌਰੇ ‘ਤੇ ਟੀਮ ਦੀ ਅਗਵਾਈ ਕਰਨਗੇ। ਜ਼ਿੰਬਾਬਵੇ ਦਾ ਦੌਰਾ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੋਵੇਗਾ। ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ 13 ਟੀਮਾਂ ਦਾ ਫੈਸਲਾ ਇਸ ਲੀਗ ਤੋਂ ਕੀਤਾ ਜਾਵੇਗਾ। ਜ਼ਿੰਬਾਬਵੇ ਇਸ ਸਮੇਂ 13 ਟੀਮਾਂ ਦੇ ਪੂਲ ਵਿੱਚ 12ਵੇਂ ਸਥਾਨ ‘ਤੇ ਹੈ।
ਭਾਰਤੀ ਟੀਮ ਪਿਛਲੇ ਛੇ ਸਾਲਾਂ ਵਿੱਚ ਪਹਿਲੀ ਵਾਰ ਜ਼ਿੰਬਾਬਵੇ ਦਾ ਦੌਰਾ ਕਰੇਗੀ। ਟੀਮ ਨੇ ਆਖਰੀ ਵਾਰ ਜ਼ਿੰਬਾਬਵੇ ਦਾ ਦੌਰਾ 2016 ਵਿੱਚ ਐਮਐਸ ਧੋਨੀ ਦੀ ਅਗਵਾਈ ਵਿੱਚ ਕੀਤਾ ਸੀ। ਇਸ ਨੇ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਖੇਡੇ। ਭਾਰਤੀ ਟੀਮ ਦੇ ਦੌਰੇ ਤੋਂ ਪਹਿਲਾਂ ਜ਼ਿੰਬਾਬਵੇ ਬੰਗਲਾਦੇਸ਼ ਦੀ ਮੇਜ਼ਬਾਨੀ ਕਰੇਗਾ।