ਜੰਮੂ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ ਅਚਾਨਕ ਇੱਕ ਗ੍ਰਨੇਡ ਫਟਣ ਨਾਲ ਇੱਕ ਫੌਜੀ ਅਧਿਕਾਰੀ ਸਮੇਤ ਦੋ ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਵਾਨ ਜ਼ਖਮੀ ਹੋ ਗਏ। ਜੰਮੂ ਵਿੱਚ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਨੂੰ ਵਾਪਰਿਆ ਜਦੋਂ ਫੌਜ ਦੇ ਜਵਾਨ ਪੁੰਛ ਜ਼ਿਲ੍ਹੇ ਦੇ ਮੇਂਢਰ ਖੇਤਰ ਵਿੱਚ ਕੰਟਰੋਲ ਰੇਖਾ ਦੇ ਨਾਲ ਆਪਣੀ ਡਿਊਟੀ ‘ਤੇ ਸਨ। ਇਸ ਘਟਨਾ ਵਿੱਚ ਫੌਜ ਦੇ ਇੱਕ ਕੈਪਟਨ ਅਤੇ ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਫੌਜ ਦੇ ਕਈ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਵਾਈ ਜਹਾਜ਼ ਰਾਹੀਂ ਇਲਾਜ ਲਈ ਊਧਮਪੁਰ ਲਿਜਾਇਆ ਗਿਆ, ਪਰ ਇਲਾਜ ਦੌਰਾਨ ਕੈਪਟਨ ਆਨੰਦ ਅਤੇ ਨਾਇਬ-ਸੂਬੇਦਾਰ (ਜੇਸੀਓ) ਭਗਵਾਨ ਸਿੰਘ ਨੇ ਦਮ ਤੋੜ ਦਿੱਤਾ। ਜਦੋਂ ਕਿ ਕੈਪਟਨ ਆਨੰਦ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਚੰਪਾ ਨਗਰ ਦਾ ਰਹਿਣ ਵਾਲਾ ਹੈ, ਨਾਇਬ-ਸੂਬੇਦਾਰ ਭਗਵਾਨ ਸਿੰਘ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਪਿੰਡ ਪੋਖਰ ਭਿੱਟਾ ਦਾ ਰਹਿਣ ਵਾਲਾ ਹੈ। ਫੌਜੀ ਬੁਲਾਰੇ ਨੇ ਕਿਹਾ, ”ਵਾਈਟ ਨਾਈਟ ਕੋਰ ਦੇ ਜੀਓਸੀ ਅਤੇ ਹੋਰ ਸਾਰੇ ਰੈਂਕ ਬਹਾਦਰ ਸੈਨਿਕਾਂ ਨੂੰ ਉਨ੍ਹਾਂ ਦੀ ਸਰਵਉੱਚ ਕੁਰਬਾਨੀ ਲਈ ਸਲਾਮ ਕਰਦੇ ਹਨ ਅਤੇ ਰਾਸ਼ਟਰ ਹਮੇਸ਼ਾ ਇਨ੍ਹਾਂ ਜਵਾਨਾਂ ਦੀ ਕੁਰਬਾਨੀ ਦਾ ਰਿਣੀ ਰਹੇਗਾ।