ਜਲੰਧਰ : ਸਮਾਰਟ ਸਿਟੀ ਤਹਿਤ ਕਰੀਬ 50 ਕਰੋੜ ਦੀ ਲਾਗਤ ਵਾਲੇ ਐਲਈਡੀ ਸਟਰੀਟ ਲਾਈਟ ਪ੍ਰਾਜੈਕਟ ਵਿਚ ਹੋਏ ਘਪਲਿਆਂ ‘ਤੇ ਕਾਰਵਾਈ ਕਰਨ ਲਈ ਬੁੱਧਵਾਰ ਨੂੰ ਬੁਲਾਈ ਗਈ ਨਿਗਮ ਹਾਊਸ ਦੀ ਤੀਜੀ ਮੀਟਿੰਗ ਵੀ ਬੇਸਿੱਟਾ ਰਹੀ। ਰੈੱਡ ਕਰਾਸ ਭਵਨ ਵਿੱਚ ਦੁਪਹਿਰ ਤਿੰਨ ਵਜੇ ਸ਼ੁਰੂ ਹੋਈ ਮੀਟਿੰਗ ਕਰੀਬ ਡੇਢ ਘੰਟੇ ਤੱਕ ਚੱਲੀ, ਇਸ ਦੇ ਬਾਵਜੂਦ ਇਸ ਪ੍ਰਾਜੈਕਟ ’ਤੇ ਕਾਰਵਾਈ ਸਬੰਧੀ ਕੋਈ ਫੈਸਲਾ ਨਹੀਂ ਹੋ ਸਕਿਆ। ਪਾਰਟੀ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਹੰਗਾਮੇ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਹੁਣ 16 ਜੁਲਾਈ ਨੂੰ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਪ੍ਰਾਜੈਕਟ ਵਿੱਚ ਹੋਏ ਘਪਲਿਆਂ ਸਬੰਧੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ।
ਬੀਤੀ ਨਿਗਮ ਹਾਊਸ ਦੀ ਮੀਟਿੰਗ ਵਿੱਚ ਪ੍ਰਾਜੈਕਟ ਵਿੱਚ ਹੋਏ ਘਪਲਿਆਂ ਦੀ ਜਾਂਚ ਲਈ 8 ਕੌਂਸਲਰਾਂ ਦੀ ਕਮੇਟੀ ਬਣਾਈ ਗਈ ਸੀ। ਕਮੇਟੀ ਨੇ ਆਪਣੀ ਰਿਪੋਰਟ ਸਦਨ ‘ਚ ਰੱਖਦਿਆਂ ਕਿਹਾ ਕਿ ਇਸ ਪ੍ਰਾਜੈਕਟ ‘ਚ ਦਰਜਨ ਭਰ ਖਾਮੀਆਂ ਨਾਲ ਵੱਡੇ ਪੱਧਰ ‘ਤੇ ਘਪਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਨਗਰ ਨਿਗਮ ਦੇ ਮੁੱਖ ਵਿਜੀਲੈਂਸ ਅਫਸਰ ਤੋਂ ਕਰਵਾਈ ਜਾਵੇ।