ਪੰਜਾਬ ‘ਚ ਕੋਰੋਨਾ ਨਾਲ ਹਾਲਾਤ ਲਗਾਤਾਰ ਬੇਕਾਬੂ ਹੁੰਦੇ ਨਜ਼ਰ ਆ ਰਹੀ ਹੈ। ਜਿਸ ਕਾਰਨ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਹੋਰ ਵੀ ਵੱਧ ਗਿਆ ਹੈ। ਜਿਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ ਲਗਾਉਂਦਿਆਂ ਸੂਬੇ ਵਿੱਚ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਹੈ।
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਮੰਗਲਵਾਰ ਤੋਂ 15 ਜਨਵਰੀ ਤੱਕ ਨਾਈਟ ਕਰਫਿਊ ਲਗਾ ਦਿੱਤਾ ਹੈ, ਜੋ ਕਿ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਲਾਗੂ ਰਹੇਗਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਸੰਸਥਾਵਾਂ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ।
ਜੇਕਰ ਇਸ ਸਮੇਂ ਦਰਮਿਆਨ ਕੋਈ ਬਿਨਾ ਕਿਸੇ ਜ਼ਰੂਰੀ ਕੰਮ ਜਾਂ ਮੈਡੀਕਲ ਜ਼ਰੂਰਤ ਦੀ ਬਿਨਾਂ ਘੁੰਮਦਾ ਪਾਇਆ ਗਿਆ ਤਾਂ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਹੁਕਮਾਂ ਤਹਿਤ ਅੱਜ ਰਾਤ ਤੋਂ ਇਹ ਹੁਕਮ ਲਾਗੂ ਹੋ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸਿਨੇਮਾ ਘਰਾਂ, ਬਾਰ, ਸਪਾ ਸੈਂਟਰ, ਮਾਲ, ਮਲਟੀਪਲੈਕਸ ਆਦਿ ਨੂੰ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੇ ਆਦੇਸ਼ ਦਿੱਤੇ ਹਨ ਤੇ ਸਪੋਰਟ ਕੰਪਲੈਕਸ ਤੇ ਸਵੀਮਿੰਗ ਪੂਲ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ AC ਬੱਸਾਂ ਵੀ 50 ਫ਼ੀਸਦੀ ਸਮਰੱਥਾ ਨਾਲ ਚੱਲਣਗੀਆਂ। ਉੱਥੇ ਹੀ ਸਰਕਾਰੀ ਦਫਤਰਾਂ ਦੇ ਨਾਲ -ਨਾਲ ਪ੍ਰਾਈਵੇਟ ਦਫਤਰਾਂ, ਫੈਕਟਰੀਆਂ ਤੇ ਉਦਯੋਗਾਂ ਵਿੱਚ ਸਿਰਫ ਪੂਰਾ ਟੀਕਾਕਰਨ ਕਰਵਾ ਚੁੱਕਿਆ ਸਟਾਫ ਹੀ ਕੰਮ ਕਰ ਸਕੇਗਾ। ਸਰਕਾਰ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਦੇ ਨਾਲ-ਨਾਲ ਸਮਾਜਿਕ ਦੂਰੀ ਦਾ ਪਾਲਣ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਦੱਸ ਦੇਈਏ ਕਿ ਮੰਗਲਵਾਰ ਨੂੰ ਪਟਿਆਲਾ ਮੈਡੀਕਲ ਕਾਲਜ ਦੇ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਕਾਲਜ ਦੇ ਹੋਸਟਲਾਂ ਵਿੱਚ ਹਜ਼ਾਰ ਦੇ ਕਰੀਬ ਵਿਦਿਆਰਥੀ ਰਹਿੰਦੇ ਹਨ ਜਿਸ ਕਾਰਨ ਕਾਲਜ ਦੇ ਹੋਸਟਲ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਕੁਝ ਇਸੇ ਤਰ੍ਹਾਂ ਦੇ ਹਾਲਾਤ ਥਾਪਰ ਯੂਨੀਵਰਸਿਟੀ ਵਿੱਚ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਰਾਤ ਨੂੰ ਹੰਗਾਮੀ ਮੀਟਿੰਗ ਸੱਦੀ ।