ਕੋਲੰਬੋ: ਪਿਛਲੇ ਕਈ ਮਹੀਨਿਆਂ ਤੋਂ ਆਪਣੇ ਸਭ ਤੋਂ ਭੈੜੇ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੂੰ ਉਦੋਂ ਜਸ਼ਨ ਮਨਾਉਣ ਦਾ ਮੌਕਾ ਮਿਲਿਆ ਜਦੋਂ ਉਸ ਦੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਖਿਲਾਫ ਚੌਥੇ ਵਨਡੇ ਮੈਚ ‘ਚ ਆਖਰੀ ਗੇਂਦ ‘ਤੇ ਚਾਰ ਦੌੜਾਂ ਨਾਲ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਸੀਰੀਜ਼ ‘ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ।…
ਚਰਿਥ ਅਸਾਲੰਕਾ (110) ਦੇ ਸੈਂਕੜੇ ਅਤੇ ਧਨੰਜੈ ਡੀ ਸਿਲਵਾ (60) ਦੇ ਨਾਲ 101 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ 49 ਓਵਰਾਂ ਵਿੱਚ 258 ਦੌੜਾਂ ‘ਤੇ ਆਊਟ ਹੋ ਗਈ। ਦਾਸੁਨ ਸ਼ਨਾਕਾ ਦੀ ਅਗਵਾਈ ਵਾਲੀ ਟੀਮ ਨੇ ਹਾਲਾਂਕਿ ਆਪਣੇ ਸਕੋਰ ਦਾ ਵਧੀਆ ਬਚਾਅ ਕੀਤਾ ਅਤੇ ਆਸਟ੍ਰੇਲੀਆ ਨੂੰ 254 ਦੌੜਾਂ ‘ਤੇ ਆਊਟ ਕਰ ਦਿੱਤਾ।
ਆਸਟ੍ਰੇਲੀਆ ਲਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 99 ਦੌੜਾਂ ਬਣਾਈਆਂ ਜਦਕਿ ਪੈਟ ਕਮਿੰਸ ਨੇ 35 ਦੌੜਾਂ ਦਾ ਯੋਗਦਾਨ ਦਿੱਤਾ। ਹੋਰ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੇ। ਸ਼੍ਰੀਲੰਕਾ ਲਈ ਧਨੰਜਯਾ ਡੀ ਸਿਲਵਾ, ਚਮਿਕਾ ਕਰੁਣਾਰਤਨੇ ਅਤੇ ਜੈਫਰੀ ਵਾਂਦਰਸੇ ਨੇ ਦੋ-ਦੋ ਵਿਕਟਾਂ ਲਈਆਂ।
ਆਸਟ੫ੇਲੀਆ ਨੂੰ ਆਖ਼ਰੀ ਓਵਰ ‘ਚ 19 ਦੌੜਾਂ ਦੀ ਲੋੜ ਸੀ, ਜੋ ਸ਼ਨਾਕਾ ਖ਼ੁਦ ਕਰਨ ਆਏ। 10ਵੇਂ ਨੰਬਰ ਦੇ ਬੱਲੇਬਾਜ਼ ਮੈਥਿਊ ਕੁਹਨੇਮੈਨ (15) ਨੇ ਤਿੰਨ ਚੌਕੇ ਜੜੇ ਕਿਉਂਕਿ ਆਸਟਰੇਲੀਆ ਨੂੰ ਸੀਰੀਜ਼ ਨੂੰ ਬਰਕਰਾਰ ਰੱਖਣ ਲਈ ਆਖਰੀ ਗੇਂਦ ‘ਤੇ ਪੰਜ ਦੌੜਾਂ ਦੀ ਲੋੜ ਸੀ ਪਰ ਕੁਹਨੇਮੈਨ ਨੇ ਹੌਲੀ ਗੇਂਦ ਨੂੰ ਹਵਾ ਵਿਚ ਉਛਾਲਿਆ ਅਤੇ ਅਸਲੰਕਾ ਨੂੰ ਕਵਰ ‘ਤੇ ਕੈਚ ਦੇ ਦਿੱਤਾ।