ਲਖੀਮਪੁਰ ਘਟਨਾ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਦਲ ਐਸਆਈਟੀ (SIT) ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਸੋਮਵਾਰ ਨੂੰ ਕਰੀਬ 5000 ਪੰਨਿਆਂ ਦੀ ਚਾਰਜਸ਼ੀਟ ਵਿੱਚ ਐਸਆਈਟੀ ਨੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।
ਸੂਤਰਾਂ ਮੁਤਾਬਿਕ ਆਸ਼ੀਸ਼ ਮਿਸ਼ਰਾ ਨੂੰ ਗਿਰਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਐਸਆਈਟੀ ਲੋਹੇ ਦੇ ਬਕਸੇ ਵਿੱਚ 5000 ਪੰਨਿਆਂ ਦੀ ਚਾਰਜਸ਼ੀਟ ਲੈ ਕੇ ਲਖਨਊ ਅਦਾਲਤ ਪਹੁੰਚੀ। ਚਾਰਜਸ਼ੀਟ ‘ਚ ਪੁਲਿਸ ਨੇ ਆਸ਼ੀਸ਼ ਮਿਸ਼ਰਾ ਦੇ ਇੱਕ ਹੋਰ ਰਿਸ਼ਤੇਦਾਰ ਨੂੰ ਵੀ ਦੋਸ਼ੀ ਬਣਾਇਆ ਹੈ।
ਪੁਲਿਸ ਮੁਤਾਬਕ ਵਰਿੰਦਰ ਸ਼ੁਕਲਾ ‘ਤੇ ਸਬੂਤ ਛੁਪਾਉਣ ਦਾ ਦੋਸ਼ ਹੈ। ਆਸ਼ੀਸ਼ ਮਿਸ਼ਰਾ ਦੀ ਥਾਰ ਜੀਪ ਦੇ ਪਿੱਛੇ ਆ ਰਹੀਆਂ ਦੋ ਗੱਡੀਆਂ ਵਿੱਚੋਂ ਇੱਕ ਵਰਿੰਦਰ ਦੀ ਸਕਾਰਪੀਓ ਸੀ। ਪਹਿਲਾਂ ਸ਼ੁਕਲਾ ਨੇ ਆਪਣੀ ਸਕਾਰਪੀਓ ਗੱਡੀ ਛੁਪਾ ਲਈ ਸੀ ਅਤੇ ਦੂਜੇ ਦੀ ਕਾਰ ਦੱਸੀ ਸੀ।
ਇਸ ਮਾਮਲੇ ‘ਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸਮੇਤ ਸਾਰੇ 13 ਦੋਸ਼ੀ ਜੇਲ ‘ਚ ਬੰਦ ਹਨ। ਪੁਲਿਸ ਨੇ ਚਾਰਜਸ਼ੀਟ ਵਿੱਚ ਇੱਕ ਨਵਾਂ ਨਾਮ ਵਰਿੰਦਰ ਸ਼ੁਕਲਾ ਸ਼ਾਮਿਲ ਕੀਤਾ ਹੈ। ਵਰਿੰਦਰ ‘ਤੇ ਧਾਰਾ 201 ਤਹਿਤ ਸਬੂਤ ਨਸ਼ਟ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਵਰਿੰਦਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਰਿਸ਼ਤੇਦਾਰ ਹੈ।
ਹਾਲ ਹੀ ਵਿੱਚ ਇਸ ਮਾਮਲੇ ਵਿੱਚ ਐਸਆਈਟੀ ਦੀ ਰਿਪੋਰਟ ਸਾਹਮਣੇ ਆਈ ਹੈ। ਇਸ ‘ਚ ਜਾਂਚ ਅਧਿਕਾਰੀਆਂ ਨੇ ਕਿਹਾ ਸੀ ਕਿ ਲਖੀਮਪੁਰ ਦੇ ਟਿਕੁਨੀਆ ‘ਚ ਵਾਪਰੀ ਘਟਨਾ ਕੋਈ ਹਾਦਸਾ ਜਾਂ ਗੈਰ ਇਰਾਦਾ ਹੱਤਿਆ ਨਹੀਂ ਸੀ, ਸਗੋਂ ਹਥਿਆਰਾਂ ਨਾਲ ਲੈਸ ਹੋ ਕੇ ਗੰਭੀਰ ਸਾਜ਼ਿਸ਼ ਨਾਲ ਕਤਲ ਦੀ ਕੋਸ਼ਿਸ਼ ਦੀ ਘਟਨਾ ਸੀ।
ਅਦਾਲਤ ਨੇ ਜਾਂਚ ਅਧਿਕਾਰੀ ਦੀ ਮੰਗ ‘ਤੇ ਆਸ਼ੀਸ਼ ਮਿਸ਼ਰਾ ਵਿਰੁੱਧ ਹੋਰ ਸਖ਼ਤ ਧਾਰਾਵਾਂ ਲਗਾਈਆਂ ਹਨ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਸੜਕ ਤੋਂ ਸੰਸਦ ਤੱਕ ਹੰਗਾਮਾ ਕੀਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ ਕੀਤੀ ਸੀ।