ਗੁਰਦਾਸਪੁਰ (ਕਿਰਨ) : ਪੰਚਾਇਤੀ ਚੋਣ ਰੰਜਿਸ਼ ਦੌਰਾਨ ਪਿੰਡ ਗੋਸਲ ‘ਚ ਵਿਰੋਧੀ ਧੜੇ ਦੇ ਉਮੀਦਵਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਟਰੈਕਟਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। ਰਤਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੋਸਲ ਨੇ ਦੱਸਿਆ ਕਿ ਉਹ ਆਪਣੇ ਸਕੂਟਰ ’ਤੇ ਮੁੱਖ ਸੜਕ ’ਤੇ ਸਥਿਤ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਗਿਆ ਸੀ। ਮੁਲਜ਼ਮ ਦੁਕਾਨ ਦੇ ਦੂਜੇ ਪਾਸੇ ਪੈਟਰੋਲ ਪੰਪ ’ਤੇ ਖੜ੍ਹੇ ਸਨ। ਇਸ ਦੌਰਾਨ ਕਾਂਗਰਸੀ ਸਰਪੰਚ ਉਮੀਦਵਾਰ ਕੁਲਵਿੰਦਰ ਸਿੰਘ ਨੇ ਉਸ ਨੂੰ ਲਲਕਾਰਦਿਆਂ ਕਿਹਾ ਕਿ ਉਹ ਉਸ ਨੂੰ ਟਰੈਕਟਰ ਹੇਠਾਂ ਸੁੱਟ ਕੇ ਮਾਰ ਦੇਣਗੇ। ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਟਰੈਕਟਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ।
ਟਰੈਕਟਰ ਦੀ ਲਪੇਟ ‘ਚ ਆਉਣ ਨਾਲ ਉਹ ਜ਼ਮੀਨ ‘ਤੇ ਡਿੱਗ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ। ਇਸ ਦੌਰਾਨ ਜਦੋਂ ਪਿੰਡ ਦੇ ਅਕਾਲੀ ਦਲ ਨਾਲ ਸਬੰਧਤ ਕੁਝ ਲੋਕ ਉਸ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪੁੱਜੇ ਤਾਂ ਮੁਲਜ਼ਮਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਇਸ ਕਾਰਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਉਂਗਲੀ ਕੱਟੀ ਗਈ ਸੀ, ਜਿਸ ਨੂੰ ਡਾਕਟਰਾਂ ਨੇ ਬੜੀ ਮੁਸ਼ਕਲ ਨਾਲ ਜੋੜਿਆ। ਦੂਜੇ ਪਾਸੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਲਈ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਜੰਗਲ ਰਾਜ ਹੈ।
ਸਰਕਾਰੀ ਹਸਪਤਾਲ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਪੁਲਿਸ ਪ੍ਰਸ਼ਾਸਨ ਅਤੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕਰਦਾ ਹੈ। ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਉਹ ਐਸਐਸਪੀ ਨਾਲ ਮੁਲਾਕਾਤ ਕਰਨਗੇ। ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਥਾਣਾ ਕਲਾਨੌਰ ਦੀ ਪੁਲੀਸ ਨੇ ਸੱਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਤਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੁੜ ਆਪਣੇ ਸਾਥੀਆਂ ਨਾਲ ਰਾਤ ਕਰੀਬ 12 ਵਜੇ ਸਿਵਲ ਹਸਪਤਾਲ ਪਹੁੰਚਿਆ। ਉਥੇ ਉਸ ਦਾ ਹਾਲ ਚਾਲ ਪੁੱਛਣ ਆਏ ਲੋਕਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਪੰਜ ਲੋਕਾਂ ਨੂੰ ਜ਼ਖਮੀ ਕਰ ਦਿੱਤਾ।
ਇਸੇ ਦੌਰਾਨ ਥਾਣਾ ਕਲਾਨੌਰ ਦੀ ਪੁਲੀਸ ਨੇ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਾਸੀ ਗੌਸਲ ਥਾਣਾ ਕਲਾਨੌਰ ਖ਼ਿਲਾਫ਼ ਟਰੈਕਟਰ ਨਾਲ ਕੁਚਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਵਿੱਚ ਹੋਏ ਹਮਲੇ ਬਾਰੇ ਸਦਰ ਥਾਣਾ ਇੰਚਾਰਜ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।