ਪੰਚਕੂਲਾ (ਜਸਪ੍ਰੀਤ) : ਹਰਿਆਣਾ ‘ਚ ਨਵੀਂ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 17 ਅਕਤੂਬਰ ਨੂੰ ਪੰਚਕੂਲਾ ‘ਚ ਹੋਵੇਗਾ। ਪਾਰਟੀ ਨੇ ਸ਼ਨੀਵਾਰ ਨੂੰ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਕੁਝ ਹੋਰ ਰਾਜਾਂ ਦੇ ਮੁੱਖ ਮੰਤਰੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, “ਸਾਨੂੰ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ 17 ਅਕਤੂਬਰ ਨੂੰ ਪੰਚਕੂਲਾ ਵਿੱਚ ਹੋਵੇਗਾ।”
ਮੰਨਿਆ ਜਾ ਰਿਹਾ ਹੈ ਕਿ ਨਾਇਬ ਸਿੰਘ ਸੈਣੀ ਨੂੰ ਰਸਮੀ ਤੌਰ ‘ਤੇ ਆਗੂ ਚੁਣ ਲਿਆ ਜਾਵੇਗਾ। ਭਾਜਪਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਜੇਕਰ ਪਾਰਟੀ ਸੱਤਾ ਵਿੱਚ ਵਾਪਸ ਆਉਂਦੀ ਹੈ ਤਾਂ ਨਾਇਬ ਸਿੰਘ ਸੈਣੀ ਸੂਬੇ ਦੇ ਮੁੱਖ ਮੰਤਰੀ ਹੋਣਗੇ। ਹਾਲ ਹੀ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਵਰਗੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। 8 ਅਕਤੂਬਰ ਨੂੰ, ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਗਲਤ ਸਾਬਤ ਕਰਦੇ ਹੋਏ, ਭਾਜਪਾ ਲਗਾਤਾਰ ਤੀਜੀ ਵਾਰ ਹਰਿਆਣਾ ਵਿੱਚ ਸੱਤਾ ਵਿੱਚ ਵਾਪਸੀ ਕੀਤੀ। ਪਾਰਟੀ ਨੇ 48 ਸੀਟਾਂ ਜਿੱਤੀਆਂ, ਜੋ ਕਾਂਗਰਸ ਨਾਲੋਂ 11 ਵੱਧ ਹਨ। ਜੇਜੇਪੀ ਅਤੇ ‘ਆਪ’ ਦਾ ਚੋਣ ਪ੍ਰਦਰਸ਼ਨ ਕਮਜ਼ੋਰ ਰਿਹਾ, ਜਦੋਂ ਕਿ ਇਨੈਲੋ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ। ਕਾਂਗਰਸ ਨੂੰ 37 ਸੀਟਾਂ ਨਾਲ ਸੰਤੁਸ਼ਟ ਹੋਣਾ ਪਿਆ। ਇਸ ਚੋਣ ਨੇ ਭਾਜਪਾ ਨੂੰ ਅਹਿਮ ਜਿੱਤ ਦਿਵਾਈ ਹੈ, ਜਿਸ ਨਾਲ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੋ ਗਈ ਹੈ।