ਬਟਾਲਾ ਦਾ ਕਸਬਾ ਘੁਮਾਣ ਵਿਖੇ 1000 ਰੁਪਏ ਦੇ ਲੈਣ ਦੇਣ ਨੂੰ ਲੈ ਕੇ 2 ਵਿਅਕਤੀਆਂ ਵਲੋਂ ਇਕ ਨੌਜਵਾਨ ਦੀ ਚਾਕੂ ਮਾਰ-ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਥਾਣਾ ਘੁਮਾਣ ਦੇ ਐੱਸ. ਐੱਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਅਜੇ ਕੁਮਾਰ ਵਾਸੀ ਵੀਲਾ ਬੱਜੂ ਆਪਣੇ 2 ਰਿਸ਼ਤੇਦਾਰਾਂ ਜੋ ਆਪਸ ’ਚ ਸਕੇ ਭਰਾ ਹਨ, ਦੇ ਨਾਲ ਪੇਂਟ ਦਾ ਕੰਮ ਕਰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਆਪਸ ’ਚ ਇਕ ਹਜ਼ਾਰ ਰੁਪਏ ਦਾ ਲੈਣ-ਦੇਣ ਸੀ। ਪੈਸਿਆਂ ਦੀ ਖ਼ਾਤਰ ਉਕਤ ਵਿਅਕਤੀਆਂ ਨੇ ਅਜੇ ਕੁਮਾਰ ਨੂੰ ਘੁਮਾਣ ਵਿਖੇ ਸਦਿਆ ਅਤੇ ਕਿਹਾ ਕਿ ਆ ਕੇ ਆਪਣੇ ਪੈਸੇ ਲੈ ਜਾਵੇ। ਇਸ ਦੌਰਾਨ ਜਦੋਂ ਅਜੇ ਕੁਮਾਰ ਉੱਥੇ ਪਹੁੰਚਿਆ ਤਾਂ ਉਕਤ ਵਿਅਕਤੀਆਂ ਨੇ ਬੜੀ ਬੇਰਹਿਮੀ ਨਾਲ ਉਸ ਦਾ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜੇ ਕੁਮਾਰ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੇ ਕੁਮਾਰ ਦੇ ਪਰਿਵਾਰਕ ਮੈਂਬਰ, ਜੋ ਬਿਆਨ ਦਰਜ ਕਰਵਾਉਣਗੇ ਉਸ ਮੁਤਾਬਕ ਪੁਲਸ ਅਗਲੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕਤਲ ਕਰਨ ਵਾਲੇ ਵਿਅਕਤੀ ਜਲਦ ਹੀ ਪੁਲਸ ਹਿਰਾਸਤ ’ਚ ਹੋਣਗੇ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।