ਗੁਰਦਾਸਪੁਰ (ਨੇਹਾ) : ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਸਕੂਟਰ ਸਵਾਰ ਵਿਅਕਤੀ ਨੂੰ ਟੱਕਰ ਮਾਰ ਦੇਣ ਕਾਰਨ 2 ਸਾਲਾ ਬੱਚੀ ਦੀ ਮੌਤ ਹੋ ਜਾਣ ਅਤੇ ਉਸ ਦੇ ਪਿਤਾ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਟੀ ਪੁਲੀਸ ਗੁਰਦਾਸਪੁਰ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਏ.ਐਸ.ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹਰੀਜਨ ਬਸਤੀ ਨਵਾਂ ਟਾਂਡਾ ਥਾਣਾ ਬਹਿਰਾਮਪੁਰ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਰਣਜੀਤ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਅਤੇ 2 ਸਾਲਾ ਲੜਕੀ ਗੁਰਬਾਜ਼ ਕੌਰ ਨਾਲ ਆਪਣੇ ਪਿੰਡ ਬਸਤੀ ਨਵਾਂ ਟਾਂਡਾ ਵਿਖੇ ਗਿਆ ਹੋਇਆ ਸੀ।
ਉਨ੍ਹਾਂ ਦਾ ਸਕੂਟਰ ਜਾ ਰਿਹਾ ਸੀ। ਜਦੋਂ ਉਹ ਦਿੱਲੀ ਪਬਲਿਕ ਸਕੂਲ, ਬਹਿਰਾਮਪੁਰ ਰੋਡ, ਗੁਰਦਾਸਪੁਰ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਜਵਤੇਸ਼ ਪੁੱਤਰ ਸ਼ਸ਼ੀ ਕੁਮਾਰ ਵਾਸੀ ਰੋਡੀ ਮੁਹੱਲਾ, ਪਾਰਥ ਵਾਸੀ ਨਵਾਂ ਬੱਸ ਸਟੈਂਡ ਗੁਰਦਾਸਪੁਰ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਸੜਕ ‘ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਲੜਕੀ ਗੁਰਬਾਜ਼ ਕੌਰ ਦੀ ਨਿੱਜੀ ਹਸਪਤਾਲ ‘ਚ ਮੌਤ ਹੋ ਗਈ | ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।