ਫਲੋਰੀਡਾ (ਹਰਮੀਤ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਬੁੱਧਵਾਰ ਨੂੰ ਅਮਰੀਕੀ ਚੈਨਲ ਏਬੀਸੀ ਦੇ ਮੰਚ ‘ਤੇ ਪਹਿਲੀ ਵਾਰ ਆਹਮੋ-ਸਾਹਮਣੇ ਹੋਏ। ਦੋਵਾਂ ਨੇਤਾਵਾਂ ਵਿਚਾਲੇ ਪ੍ਰਧਾਨਗੀ ਬਹਿਸ ‘ਚ ਕਈ ਮੁੱਦਿਆਂ ‘ਤੇ ਗਰਮਾ-ਗਰਮੀ ਬਹਿਸ ਹੋਈ, ਜਿਸ ‘ਚ ਗਰਭਪਾਤ ਦਾ ਮੁੱਦਾ ਵੀ ਬਹਿਸ ਦਾ ਕੇਂਦਰ ਰਿਹਾ। ਕਮਲਾ ਹੈਰਿਸ 2022 ਤੋਂ ਗਰਭਪਾਤ ਦੇ ਅਧਿਕਾਰਾਂ ਦੀ ਵਕਾਲਤ ਕਰ ਰਹੀ ਹੈ। ਜਦਕਿ ਟਰੰਪ ਇਸ ਦੇ ਸਮਰਥਨ ‘ਚ ਨਜ਼ਰ ਨਹੀਂ ਆਉਂਦੇ।
ਪਿਛਲੇ ਮਹੀਨੇ, ਉਹਨਾਂ ਨੇ ਟਰੰਪ ਦੇ ਗ੍ਰਹਿ ਰਾਜ ਫਲੋਰੀਡਾ ਵਿੱਚ ਗਰਭਪਾਤ ਨੂੰ ਆਸਾਨ ਬਣਾਉਣ ਲਈ ਜਨਮਤ ਸੰਗ੍ਰਹਿ ਦਾ ਸਮਰਥਨ ਨਹੀਂ ਕੀਤਾ ਸੀ। ਬਹਿਸ ਦੌਰਾਨ ਗਰਭਪਾਤ ‘ਤੇ ਟਰੰਪ ਨੂੰ ਘੇਰਦੇ ਹੋਏ ਕਮਲਾ ਹੈਰਿਸ ਨੇ ਇਲਜ਼ਾਮ ਲਗਾਇਆ ਕਿ ਜੇਕਰ ਟਰੰਪ ਸੱਤਾ ‘ਚ ਆਉਂਦੇ ਹਨ ਤਾਂ ਉਹ ਦੇਸ਼ ‘ਚ ਗਰਭਪਾਤ ‘ਤੇ ਪਾਬੰਦੀ ਲਗਾ ਦੇਣਗੇ। ਹੈਰਿਸ ਨੇ 2020 ਦੀ ਮੁਹਿੰਮ ਦੌਰਾਨ ਗਰਭਪਾਤ ਦੇ ਮੁੱਦੇ ‘ਤੇ ਬਿਡੇਨ ਨਾਲੋਂ ਵਧੇਰੇ ਅਗਾਂਹਵਧੂ ਰੁਖ ਅਪਣਾਇਆ ਸੀ ਅਤੇ ਇਸ ਚੋਣ ਵਿੱਚ ਵੀ ਉਹਨਾਂ ਦਾ ਅਜਿਹਾ ਹੀ ਰੁਖ ਦਿਖਾਈ ਦੇ ਰਿਹਾ ਹੈ।
ਕਮਲਾ ਹੈਰਿਸ ਨੇ ਦਾਅਵਾ ਕੀਤਾ ਕਿ ਜੇਕਰ ਟਰੰਪ ਸੱਤਾ ‘ਚ ਆਉਂਦੇ ਹਨ ਤਾਂ ਉਹ ਗਰਭਪਾਤ ‘ਤੇ ਪਾਬੰਦੀ ਲਗਾ ਦੇਣਗੇ। ਜਿਸ ਤੋਂ ਬਾਅਦ ਬਲਾਤਕਾਰ ਪੀੜਤਾ ਵੀ ਗਰਭਪਾਤ ਨਹੀਂ ਕਰਵਾ ਸਕੇਗੀ। ਕਮਲਾ ਗਰਭਪਾਤ ‘ਤੇ ਪਾਬੰਦੀ ਨੂੰ ਔਰਤਾਂ ਦੇ ਅਧਿਕਾਰਾਂ ਦੇ ਵਿਰੋਧੀ ਦੱਸ ਰਹੀ ਹੈ, ਕਮਲਾ ਦਾ ਕਹਿਣਾ ਹੈ ਕਿ ਟਰੰਪ ਔਰਤਾਂ ਨੂੰ ਆਪਣੇ ਸਰੀਰ ਦੇ ਫੈਸਲੇ ਖੁਦ ਲੈਣ ਨਹੀਂ ਦੇਣਾ ਚਾਹੁੰਦੇ। ਕਮਲਾ ਗਰਭਪਾਤ ਬਾਰੇ ਆਪਣੀ ਨੀਤੀ ਲਈ ਮਹਿਲਾ ਵੋਟਰਾਂ ਤੋਂ ਸਮਰਥਨ ਦੀ ਉਮੀਦ ਕਰ ਰਹੀ ਹੈ।