ਅੰਮ੍ਰਿਤਸਰ (ਹਰਮੀਤ) :ਕੈਂਸਰ ਆਪਣੇ-ਆਪ ’ਚ ਇਕ ਘਾਤਕ ਬਿਮਾਰੀ ਹੈ ਪਰ ਇਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਇਕ ਵੱਡਾ ਕਾਰਨ ਇਸ ਦੇ ਇਲਾਜ ‘ਤੇ ਆਉਣ ਵਾਲਾ ਖਰਚਾ ਵੀ ਹੈ। ਬੀਤੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਜੀ. ਐੱਸ. ਟੀ. ਕੌਂਸਲ ਦੀ 54ਵੀਂ ਮੀਟਿੰਗ ਦੌਰਾਨ ਕੈਂਸਰ ਦੀਆਂ ਦਵਾਈਆਂ ‘ਤੇ ਜੀ. ਐੱਸ. ਟੀ. ਦਰਾਂ ਘਟਾਉਣ ਦਾ ਫ਼ੈਸਲਾ ਲੈਣ ਨਾਲ ਭਾਰਤ ‘ਚ ਕੈਂਸਰ ਦੇ ਇਲਾਜ ਦੀ ਲਾਗਤ ਵਿਚ ਕਮੀ ਆਈ ਹੈ।
ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਅਧੀਨ ਕੰਮ ਕਰ ਰਹੀ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਜਾਰੀ ਬਿਆਨ ਮੁਤਾਬਿਕ ਫਿਲਹਾਲ ਕੈਂਸਰ ਦੀਆਂ ਦਵਾਈਆਂ ‘ਤੇ ਟੈਕਸ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕੀਤੀ ਗਈ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਅਗਲੀ ਜੀ. ਐੱਸ. ਟੀ. ਮੀਟਿੰਗ ‘ਚ ਇਸ ਘਾਤਕ ਬਿਮਾਰੀ ਦੀਆਂ ਦਵਾਈਆਂ ‘ਤੇ ਜੀ. ਐੱਸ. ਟੀ. ਦਰ ਸ਼੍ਰੇਣੀ ਵਿਚ ਹੋਵੇਗੀ।
ਐਸੋਸੀਏਸ਼ਨ ਮੁਤਾਬਿਕ ਇਹ ਬਦਲਾਅ ਦੇਸ਼ ਭਰ ਦੇ ਲੱਖਾਂ ਲੋਕਾਂ ਲਈ ਰਾਹਤ ਦਾ ਸੁਨੇਹਾ ਲੈ ਕੇ ਆਇਆ ਹੈ, ਜਿੱਥੇ ਪੈਸੇ ਦੀ ਕਮੀ ਹੁਣ ਇਲਾਜ ਦੇ ਰਾਹ ਵਿਚ ਰੁਕਾਵਟ ਨਹੀਂ ਬਣੇਗੀ। ਕੈਂਸਰ ਰੋਗ ਮਾਹਿਰਾਂ ਮੁਤਾਬਿਕ ਭਾਰਤ ‘ਚ ਕੈਂਸਰ ਦੀਆਂ ਸਭ ਤੋਂ ਆਮ ਕਿਸਮਾਂ ਛਾਤੀ, ਸਰਵਾਈਕਲ, ਮੂੰਹ ਤੇ ਫੇਫੜਿਆਂ ਦੇ ਕੈਂਸਰ ਹਨ।
ਡਬਲਯੂ. ਐੱਚ. ਓ. ਦੀ ਰਿਪੋਰਟ ਅਨੁਸਾਰ ਸਾਲ 2020 ਦੌਰਾਨ ਦੇਸ਼ ‘ਚ ਕੈਂਸਰ ਨਾਲ 13.92 ਲੱਖ ਮੌਤਾਂ ਹੋਈਆਂ, ਜਦਕਿ ਸਾਲ 2018 ਵਿਚ ਸਿਰਫ਼ 7.84 ਲੱਖ ਦਰਜ ਕੀਤੀਆਂ ਗਈਆਂ ਸਨ। ਇਸ ਪਿੱਛੇ ਇੱਕ ਅਹਿਮ ਕਾਰਨ ਪੈਸਿਆਂ ਕਾਰਨ ਇਲਾਜ ‘ਚ ਹੋ ਰਹੀ ਦੇਰੀ ਸੀ।