ਹਿਸਾਰ (ਹਰਮੀਤ) : ਹਰਿਆਣਾ ਦੇ ਹਿਸਾਰ ਦੇ ਉਕਲਾਨਾ ਥਾਣਾ ਖੇਤਰ ‘ਚ ਇਕ ਨੌਜਵਾਨ ਨੇ ਇਕ ਲੜਕੀ ਦੀ ਫੋਟੋ ਇੰਟਰਨੈੱਟ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਸ ਬਾਰੇ ਜਦੋਂ ਲੜਕੀ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲੜਕੀ ਦੇ ਭਰਾ ਦੇ ਬਿਆਨਾਂ ’ਤੇ ਪਿੰਡ ਦੇ ਹੀ ਨੌਜਵਾਨ ਖ਼ਿਲਾਫ਼ ਉਸ ਦੇ ਪਿਤਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਪੁਲਿਸ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਕਲਾਨਾ ਇਲਾਕੇ ਦੇ ਇੱਕ ਪਿੰਡ ਦੇ ਨੌਜਵਾਨ ਨੇ ਦੱਸਿਆ ਕਿ ਉਸ ਦੀ ਭੈਣ ਕਰੀਬ 2 ਮਹੀਨੇ ਪਹਿਲਾਂ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਭੱਜ ਗਈ ਸੀ। ਦੋਵਾਂ ਨੇ ਆਪਣੇ ਰਿਸ਼ਤੇ ਦੇ ਕਾਗਜ਼ ਵੀ ਤਿਆਰ ਕਰ ਲਏ ਸਨ ਪਰ ਅਗਲੇ ਹੀ ਦਿਨ ਉਸ ਦੀ ਭੈਣ ਘਰ ਪਰਤ ਆਈ। ਉਨ੍ਹਾਂ ਨੇ 23 ਅਗਸਤ ਨੂੰ ਭੈਣ ਦਾ ਵਿਆਹ ਕਰ ਦਿਤਾ ਸੀ।
ਪਰ ਲੜਕੀ ਦਾ ਵਿਆਹ ਕਰਵਾਉਣ ਤੋਂ ਬਾਅਦ ਵੀ ਦੋਸ਼ੀ ਲੜਕੀ ਦੀ ਫੋਟੋ ਇੰਸਟਾਗ੍ਰਾਮ ‘ਤੇ ਵਾਇਰਲ ਕਰਦਾ ਰਿਹਾ। ਦੋਵਾਂ ਧਿਰਾਂ ਵਿੱਚ ਸਮਝੌਤਾ ਹੋਇਆ ਕਿ ਹੁਣ ਨੌਜਵਾਨ ਉਸਦੀ ਭੈਣ ਨੂੰ ਦੁਬਾਰਾ ਤੰਗ ਨਹੀਂ ਕਰੇਗਾ। ਪਰ ਨੌਜਵਾਨ ਆਪਣੀ ਹਰਕਤ ਤੋਂ ਬਾਜ਼ ਨਹੀਂ ਆਇਆ। ਹੁਣ ਨੌਜਵਾਨ ਨੇ ਉਸ ਦੀ ਭੈਣ ਦੇ ਨਾਂ ‘ਤੇ ਆਈਡੀ ਬਣਾਈ ਅਤੇ ਫੋਟੋ ਇੰਟਰਨੈੱਟ ਮੀਡੀਆ ‘ਤੇ ਵਾਇਰਲ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਨੂੰ ਕਈ ਵਾਰ ਸਮਝਾਇਆ ਪਰ ਉਹ ਨਹੀਂ ਮੰਨਿਆ। ਇਸ ਤੋਂ ਇਲਾਵਾ ਉਸ ਦੀ ਭੈਣ ਦੀ ਫੋਟੋ ਉਸ ਦੇ ਜੀਜੇ ਨੂੰ ਭੇਜ ਦਿਤੀ।
ਜਦੋਂ ਉਸ ਦੇ ਪਿਤਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਚਿੰਤਾ ਵਿਚ ਡੁੱਬ ਗਿਆ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ 7 ਸਤੰਬਰ ਨੂੰ ਉਸ ਦੇ ਪਿਤਾ ਨੇ ਪਿੰਡ ਦੇ ਹੀ ਇੱਕ ਨੌਜਵਾਨ ਤੋਂ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਇੰਨਾ ਹੀ ਨਹੀਂ ਜ਼ਹਿਰ ਖਾਣ ਤੋਂ ਬਾਅਦ ਪਿਤਾ ਨੇ ਵੱਡੇ ਭਰਾ ਨੂੰ ਬੁਲਾ ਕੇ ਉਸ ਦੀ ਮੌਤ ਲਈ ਪਿੰਡ ਦੇ ਨੌਜਵਾਨ ਨੂੰ ਜ਼ਿੰਮੇਵਾਰ ਠਹਿਰਾਇਆ।
ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਤਾਂ ਉਨ੍ਹਾਂ ਨੇ ਉਸ ਨੂੰ ਬਰਵਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਕਲਾਨਾ ਥਾਣੇ ਦੀ ਪੁਲਿਸ ਨੇ ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਲੜਕੀ ਦੀ ਫੋਟੋ ਵਾਇਰਲ ਕਰਨ ਵਾਲੇ ਲੜਕੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।