ਉੱਤਰ ਪ੍ਰਦੇਸ਼ (ਹਰਮੀਤ) ਉੱਤਰ ਪ੍ਰਦੇਸ਼ ਵਿਚ ਚੋਣ ਡਿਊਟੀ ਕਰਨ ਵਾਲੇ 2217 ਕਰਮਚਾਰੀਆਂ ਨੂੰ ਯੋਗੀ ਸਰਕਾਰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਚੋਣ ਡਿਊਟੀ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਇਕ ਮਹੀਨੇ ਦੀ ਵਾਧੂ ਤਨਖਾਹ ਮਿਲੇਗੀ। ਇਸ ਲਈ ਸਰਕਾਰ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਲਈ ਸਰਕਾਰ ਉਤੇ 11 ਕਰੋੜ 54 ਲੱਖ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ।
ਪ੍ਰਮੁੱਖ ਸਕੱਤਰ ਚੋਣ ਨਵਦੀਪ ਰਿਣਵਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਚੋਣ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇੱਕ ਮਹੀਨੇ ਦੀ ਮੁੱਢਲੀ ਤਨਖ਼ਾਹ ਦੇ ਬਰਾਬਰ ਵਾਧੂ ਮਾਣ ਭੱਤਾ ਦਿੱਤਾ ਜਾਵੇਗਾ। ਇਸ ਤਹਿਤ ਸੂਬੇ ਦੇ 2217 ਸਰਕਾਰੀ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਹੁਕਮਾਂ ਅਨੁਸਾਰ ਸਾਰੇ 75 ਜ਼ਿਲ੍ਹਾ ਚੋਣ ਅਫ਼ਸਰਾਂ ਨੂੰ 1.2 ਲੱਖ ਰੁਪਏ ਮਿਲਣਗੇ। ਜਦੋਂ ਕਿ ਰਿਟਰਨਿੰਗ ਅਫ਼ਸਰ ਨੂੰ 60 ਹਜ਼ਾਰ ਰੁਪਏ, ਸਹਾਇਕ ਰਿਟਰਨਿੰਗ ਅਫ਼ਸਰ ਨੂੰ 50 ਹਜ਼ਾਰ ਰੁਪਏ ਮਿਲਣਗੇ।
ਇਸੇ ਤਰ੍ਹਾਂ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵਿੱਚ ਤਾਇਨਾਤ ਰੈਗੂਲਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਇੱਕ ਮਹੀਨੇ ਦੀ ਮੁੱਢਲੀ ਵਾਧੀ ਤਨਖ਼ਾਹ ਮਿਲੇਗੀ। ਚੋਣ ਸੈਕਸ਼ਨ ਦੇ ਸਹਾਇਕ ਤੋਂ ਲੈ ਕੇ ਸਕੱਤਰ ਤੱਕ 41 ਹਜ਼ਾਰ ਤੋਂ 86 ਹਜ਼ਾਰ ਰੁਪਏ ਮਿਲਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਦਫ਼ਤਰਾਂ ਵਿੱਚ ਤਾਇਨਾਤ ਉਪ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ 90,000 ਰੁਪਏ, ਸਹਾਇਕ ਜ਼ਿਲ੍ਹਾ ਚੋਣ ਅਫ਼ਸਰਾਂ ਅਤੇ ਮੁੱਖ ਸਹਾਇਕਾਂ ਨੂੰ 55,000 ਰੁਪਏ, ਸੀਨੀਅਰ ਸਹਾਇਕਾਂ ਨੂੰ 50,000 ਰੁਪਏ ਅਤੇ ਜੂਨੀਅਰ ਸਹਾਇਕਾਂ ਨੂੰ 25,000 ਰੁਪਏ ਭੱਤੇ ਦਿੱਤੇ ਜਾਣਗੇ।