ਫਿਰੋਜ਼ਪੁਰ (ਹਰਮੀਤ) : ਕਥਿਤ ਤੌਰ ‘ਤੇ ਦਿਲਦੀਪ ਉਰਫ ਲੱਲੀ ਨੂੰ ਮਾਰਨ ਆਏ ਮੋਟਰਸਾਈਕਲ ਸਵਾਰਾਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ ‘ਚ ਦਿਲਦੀਪ ਦੇ ਚਾਚੇ ਦੀ ਲੜਕੀ ਤੇ ਉਸਦੇ ਇਕ ਦੋਸਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ‘ਚ ਮ੍ਰਿਤਕ ਲੜਕੀ ਦਾ ਭਰਾ ਵੀ ਸ਼ਾਮਿਲ ਹੈ। ਵਾਰਦਾਤ ਸ਼ਹਿਰ ਦੇ ਕੰਬੋਜ ਨਗਰ ਸਥਿਤ ਅਕਾਲਗੜ੍ਹ ਗੁਰਦੁਆਰੇ ਸਾਹਮਣੇ ਦੀ ਹੈ ਜਿੱਥੇ ਦੋ ਮੋਟਰਸਾਈਕਲ ‘ਤੇ ਆਏ 6 ਹਮਲਾਵਰਾਂ ਵੱਲੋਂ ਕਾਰ ‘ਚ ਜਾ ਰਹੇ ਦਿਲਦੀਪ ਸਿੰਘ ਉਰਫ ਲੱਲ੍ਹੀ ਤੇ ਉਸਦੇ ਭੈਣ-ਭਰਾਵਾਂ ਸਮੇਤ 5 ਵਿਅਕਤੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਵੱਖ-ਵੱਖ ਹਥਿਆਰਾਂ ਨਾਲ ਚੱਲੀਆਂ ਚਾਰ ਦਰਜਨ ਤੋਂ ਵੱਧ ਗੋਲ਼ੀਆਂ ‘ਚ ਦਿਲਦੀਪ ਸਿੰਘ ਉਰਫ ਲੱਲੀ, ਆਕਾਸ਼ਦੀਪ ਸਿੰਘ ਤੇ ਦਿਲਦੀਪ ਦੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਜਦਕਿ ਜਸਪ੍ਰੀਤ ਕੌਰ ਦੇ ਭਰਾ ਅਨਮੋਲ ਸਮੇਤ ਦੋ ਜਣੇ ਜ਼ਖਮੀ ਹੋ ਗਏ।
ਵਾਰਦਾਤ ਦੀ ਖਬਰ ਲੱਗਦਿਆਂ ਹੀ ਡੀਆਈਜੀ ਅਜੇ ਮਲੂਜਾ ਜ਼ਿਲ੍ਹਾ ਪੁਲਿਸ ਮੁਖੀ ਸੋਮਿਆ ਮਿਸ਼ਰਾ ਸਮੇਤ ਉੱਚ ਪੁਲਿਸ ਅਧਿਕਾਰੀ ਲਾਵ-ਲਸ਼ਕਰ ਨਾਲ ਮੌਕਾ ਏ ਵਾਰਦਾਤ ‘ ਤੇ ਪਹੁੰਚ ਗਏ। ਪੁਲਿਸ ਵੱਲੋਂ ਲਿਆਂਦੇ ਗਏ ਡੌਗ ਸਕੁਐਡ ਤੇ ਫੋਰੈਂਸਿਕ ਟੀਮਾਂ ਵੱਲੋਂ ਆਪੋ-ਆਪਣੇ ਤੌਰ ‘ਤੇ ਤਫਤੀਸ਼ ਜਾਰੀ ਕਰ ਦਿੱਤੀ ਗਈ ਹੈ। ਮੁਢਲੇ ਤੌਰ ‘ਤੇ ਮੋਕਾ ਏ ਵਾਰਦਾਤ ਤੋਂ 50 ਦੇ ਕਰੀਬ ਖਾਲੀ ਖੋਲ ਬਰਾਮਦ ਹੋਏ ਹਨ। ਪੁਲਿਸ ਵੱਲੋ ਮੌਕੇ ‘ਤੇ ਪਹੁੰਚ ਕੇ ਛਾਣਬੀਣ ਕੀਤੀ ਜਾ ਰਹੀ ਹੈ। ਇਸ ਗੋਲੀਕਾਂਡ ਕਾਰਨ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਕੰਬੋਜ ਨਗਰ ਦੇ ਵਸਨੀਕਾ ਮੁਤਾਬਿਕ ਦਹਿਸ਼ਤਗਰਦ ਇਸ ਕਦਰ ਬੇਖੌਫ ਸਨ ਕਿ ਉਹ ਗੋਲ਼ੀਆਂ ਚਲਾ ਕੇ ਜਾਂਦੇ ਹੋਏ ਬੜਕਾਂ ਮਾਰਦੇ ਜਾ ਰਹੇ ਸਨ।