Saturday, November 16, 2024
HomeNationalਡੇਰਾ ਬਿਆਸ ਦੇ ਨਵੇਂ ਮੁਖੀ ਨੂੰ ਨਹੀਂ ਮਿਲੀ ਗੁਰਤਾਗੱਦੀ

ਡੇਰਾ ਬਿਆਸ ਦੇ ਨਵੇਂ ਮੁਖੀ ਨੂੰ ਨਹੀਂ ਮਿਲੀ ਗੁਰਤਾਗੱਦੀ

ਰਈਆ (ਹਰਮੀਤ) : ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੋਮਵਾਰ ਨੂੰ 45 ਸਾਲਾ ਡਾ. ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਂਨਸ਼ੀਨ ਐਲਾਨ ਦਿੱਤਾ। ਡੇਰਾ ਬਿਆਸ ਵੱਲੋਂ ਅਚਾਨਕ ਲਏ ਗਏ ਇਸ ਫ਼ੈਸਲੇ ਨਾਲ ਦੇਸ਼-ਦੁਨੀਆ ’ਚ ਬੈਠੀ ਡੇਰੇ ਦੀ ਸੰਗਤ ਹੈਰਾਨ ਤੇ ਨਿਰਾਸ਼ ਹੋ ਗਈ। ਹਾਲਾਂਕਿ ਬਾਅਦ ’ਚ ਡੇਰੇ ਵੱਲੋਂ ਸਪਸ਼ਟ ਕੀਤਾ ਗਿਆ। ਬਾਬਾ ਗੁਰਿੰਦਰ ਸਿੰਘ ਢਿੱਲੋਂ ਗੁਰਤਾ ਗੱਦੀ ’ਤੇ ਬਣੇ ਰਹਿਣਗੇ।

ਡੇਰਾ ਬਿਆਸ ਵੱਲੋਂ ਸੋਮਵਾਰ ਨੂੰ ਆਪਣੇ ਸਾਰੇ ਸੇਵਾਦਾਰ ਇੰਚਾਰਜਾਂ ਤੇ ਸੈਂਟਰਾਂ ਨੂੰ ਇਕ ਪੱਤਰ ਜਾਰੀ ਕਰ ਕੇ ਦੱਸਿਆ ਗਿਆ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸਪੁੱਤਰ ਡਾ. ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ। 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਡਾ. ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦੇ ਸੰਤ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ। ਪੱਤਰ ਮੁਤਾਬਕ ਉਨ੍ਹਾਂ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਵੀ ਹੋਵੇਗਾ। ਪੱਤਰ ’ਚ ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ (ਚਰਨ ਸਿੰਘ) ਜੀ ਤੋਂ ਬਾਅਦ ਉਨ੍ਹਾਂ ਨੂੰ ਸੰਗਤ ਦਾ ਅਥਾਹ ਸਹਿਯੋਗ ਤੇ ਪਿਆਰ ਮਿਲਿਆ, ਉਨ੍ਹਾਂ ਦੀ ਇੱਛਾ ਤੇ ਅਪੀਲ ਹੈ ਕਿ ਸੰਗਤ ਉਹੀ ਪਿਆਰ ਤੇ ਸਹਿਯੋਗ ਡਾ. ਜਸਦੀਪ ਸਿੰਘ ਗਿੱਲ ਨੂੰ ਵੀ ਦੇਵੇ।

ਇਸ ਪੱਤਰ ਤੇ ਖ਼ਬਰ ਦੇ ਜਨਤਕ ਹੁੰਦੇ ਹੀ ਦੇਸ਼-ਦੁਨੀਆ ’ਚ ਡੇਰਾ ਬਿਆਸ ਦੀ ਸੰਗਤ ’ਚ ਨਿਰਾਸ਼ਾ ਫੈਲ ਗਈ। ਡੇਰੇ ’ਚ ਸਤਿਸੰਗ ਦੇ ਤੈਅ ਪ੍ਰੋਗਰਾਮ ਤੋਂ ਠੀਕ ਚਾਰ-ਪੰਜ ਦਿਨ ਪਹਿਲਾਂ ਇਸ ਤਰ੍ਹਾਂ ਦੇ ਐਲਾਨ ਮਗਰੋਂ ਇੰਟਰਨੈੱਟ ਮੀਡੀਆ ਜ਼ਰੀਏ ਬਾਬਾ ਗੁਰਿੰਦਰ ਸਿੰਘ ਦੀ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਤੇ ਭਰਮਾਊ ਜਾਣਕਾਰੀਆਂ ਫੈਲਣ ਲੱਗੀਆਂ। ਵੱਡੀ ਗਿਣਤੀ ’ਚ ਸੰਗਤ ਡੇਰੇ ਲਈ ਰਵਾਨਾ ਹੋ ਪਈ।

ਇਸ ਦੇ ਮੱਦੇਨਜ਼ਰ ਸ਼ਾਮ ਨੂੰ ਡੇਰੇ ਵੱਲੋਂ ਸੰਦੇਸ਼ ਜਾਰੀ ਕਰ ਕੇ ਦੱਸਿਆ ਕਿ ਗਿਆ ਕਿ ਸੰਦੇਸ਼ ਮੁਤਾਬਕ ਬਾਬਾ ਗੁਰਿੰਦਰ ਸਿੰਘ ਤੰਦਰੁਸਤ ਹਨ ਤੇ ਰਾਧਾ ਸੁਆਮੀ ਬਿਆਸ ਦੇ ਗੁਰੂ ਬਣੇ ਰਹਿਣਗੇ। ਗੁਰੂ ਗੱਦੀ ਤਬਦੀਲ ਕਰਨ ਤੇ ਦਸਤਾਰਬੰਦੀ ਵਰਗਾ ਕੋਈ ਪ੍ਰੋਗਰਾਮ ਨਹੀਂ। ਡਾ. ਜਸਦੀਪ ਸਿੰਘ ਗਿੱਲ ਉਨ੍ਹਾਂ ਦੇ ਡਿਪਟੀ ਵਜੋਂ ਉਨ੍ਹਾਂ ਨਾਲ ਬੈਠਣਗੇ ਤੇ ਬਾਬਾ ਗੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਰਹਿਣਗੇ। ਹਾਲਾਂਕਿ ਸਾਰੇ ਵਿਦੇਸ਼ੀ ਸਤਿਸੰਗ ਨਵੇਂ ਮਹਾਰਾਜ ਵੱਲੋਂ ਕੀਤੇ ਜਾਣਗੇ। ਸੰਦੇਸ਼ ’ਚ ਸੰਗਤ ਨੂੰ ਕਿਹਾ ਗਿਆ ਹੈ ਕਿ ਕਾਹਲੀ ’ਚ ਡੇਰਾ ਬਿਆਸ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਬਾਬਾ ਗੁਰਿੰਦਰ ਸਿੰਘ ਤੇ ਉਨ੍ਹਾਂ ਦੇ ਜਾਂਨਸ਼ੀਨ ਇਕੱਠੇ ਸਤਿਸੰਗ ਕੇਂਦਰਾਂ ਦਾ ਦੌਰਾ ਕਰਨਗੇ। ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਅਫ਼ਵਾਹ ’ਤੇ ਯਕੀਨ ਨਾ ਕਰਨ ਤੇ ਡੇਰੇ ਵੱਲ ਨਾ ਭੱਜਣ।

ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੈਂਸਰ ਤੇ ਦਿਲ ਦੇ ਰੋਗ ਤੋਂ ਪੀੜਤ ਹਨ। ਕੁਝ ਸਾਲ ਪਹਿਲਾਂ ਲੰਬਾ ਸਮਾਂ ਉਨ੍ਹਾਂ ਦਾ ਕੈਂਸਰ ਇਲਾਜ ਚੱਲਿਆ ਸੀ ਹਾਲਾਂਕਿ ਉਹ ਬਾਅਦ ’ਚ ਠੀਕ ਹੋ ਕੇ ਪਹਿਲਾਂ ਵਾਂਗ ਹੀ ਡੇਰੇ ਦੀਆਂ ਸਰਗਰਮੀਆਂ ’ਚ ਹਿੱਸਾ ਲੈਣ ਲੱਗ ਪਏ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments