ਨਵੀਂ ਦਿੱਲੀ (ਰਾਘਵ) : ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਰਜੀ ਕਾਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਆਈਐਮਏ ਹੈੱਡਕੁਆਰਟਰ ਦੇ ਕੌਮੀ ਪ੍ਰਧਾਨ ਡਾਕਟਰ ਆਰਵੀ ਅਸ਼ੋਕਨ ਵੱਲੋਂ ਗਠਿਤ ਅਨੁਸ਼ਾਸਨੀ ਕਮੇਟੀ ਨੇ ਸਰਬਸੰਮਤੀ ਨਾਲ ਆਈਐਮਏ ਕਲਕੱਤਾ ਸ਼ਾਖਾ ਦੇ ਉਪ ਪ੍ਰਧਾਨ ਡਾਕਟਰ ਸੰਦੀਪ ਘੋਸ਼ ਦੀ ਮੈਂਬਰਸ਼ਿਪ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।
ਧਿਆਨ ਯੋਗ ਹੈ ਕਿ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਤੋਂ ਬਾਅਦ ਇਸ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਵੀ ਸ਼ੱਕ ਦੇ ਘੇਰੇ ਵਿੱਚ ਆਏ ਸਨ। ਸੰਦੀਪ ਘੋਸ਼ ਨੇ ਘਟਨਾ ਦੇ ਅਗਲੇ ਹੀ ਦਿਨ ਕਾਲਜ ਦੇ ਪ੍ਰਿੰਸੀਪਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੰਦੀਪ ਘੋਸ਼ ਦੇ ਕਾਰਜਕਾਲ ਦੌਰਾਨ ਕਾਲਜ ‘ਚ ਵਿੱਤੀ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਸੀਬੀਆਈ ਨੇ ਘੋਸ਼ ਖਿਲਾਫ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਸੀਬੀਆਈ ਨੇ ਸੰਦੀਪ ਘੋਸ਼ ਦਾ ਪੋਲੀਗ੍ਰਾਫ਼ ਟੈਸਟ ਵੀ ਕਰਵਾਇਆ ਸੀ। ਨਿਊਜ਼ ਏਜੰਸੀ ਆਈਏਐਨਐਸ ਦੀ ਰਿਪੋਰਟ ਦੇ ਅਨੁਸਾਰ, 9 ਅਗਸਤ ਦੀ ਸਵੇਰ ਨੂੰ ਸੈਮੀਨਾਰ ਰੂਮ ਵਿੱਚ ਸਿਖਿਆਰਥੀ ਡਾਕਟਰ ਦੀ ਲਾਸ਼ ਮਿਲਣ ਤੋਂ ਤੁਰੰਤ ਬਾਅਦ ਸੀਬੀਆਈ ਘੋਸ਼ ਦੁਆਰਾ ਕੀਤੀਆਂ ਗਈਆਂ ਮੋਬਾਈਲ ਫੋਨ ਕਾਲਾਂ ਨੂੰ ਟਰੈਕ ਕਰ ਰਹੀ ਹੈ। ਜਾਂਚ ਅਧਿਕਾਰੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਕਾਲਾਂ ਦੌਰਾਨ ਹੋਈ ਗੱਲਬਾਤ ਦੌਰਾਨ ਅਸਲ ਵਿੱਚ ਕੀ ਹੋਇਆ।