ਉਚਾਨਾ (ਹਰਮੀਤ) : ਜੀਂਦ ਦੇ ਖਟਕੜ ਟੋਲ ਪਲਾਜ਼ਾ ‘ਤੇ ਸੋਮਵਾਰ ਨੂੰ 105 ਪਿੰਡਾਂ ਤੇ ਖਾਪਾਂ ਨੇ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ ਨੂੰ ਸਨਮਾਨਿਤ ਕੀਤਾ। ਵਿਨੇਸ਼ ਫੋਗਾਟ ਨੂੰ ਚਾਂਦੀ ਦੇ ਮੁਕਟ ਦਾ ਪ੍ਰਤੀਕ ਹਲ ਭੇਟ ਕੀਤਾ ਗਿਆ। ਇਸ ਦੌਰਾਨ ਜਦੋਂ ਵਿਨੇਸ਼ ਫੋਗਾਟ ਤੋਂ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਸੰਜੇ ਸਿੰਘ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਨਹੀਂ ਜਾਣਦੀ, ਕੌਣ ਸੰਜੇ ਸਿੰਘ?
ਉਸ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਉਹ ਕਿਸਾਨਾਂ ਦੀਆਂ ਵੀਡੀਓ ਦੇਖ ਕੇ ਰੋ ਪੈਂਦੀ ਸੀ। ਰਾਜਨੀਤੀ ‘ਚ ਆਉਣ ਦੇ ਸਵਾਲ ‘ਤੇ ਫੋਗਾਟ ਨੇ ਪਲਟ ਕੇ ਪੁੱਛਿਆ ਕਿ ਬਿਹਤਰ ਕੀ ਹੈ, ਖੇਡ ਜਾਂ ਰਾਜਨੀਤੀ? ਇਸ ‘ਤੇ ਕਿਹਾ ਗਿਆ ਕਿ ਦੋਵੇਂ ਹੀ ਵਧੀਆ ਹਨ। ਇਸ ‘ਤੇ ਵਿਨੇਸ਼ ਫੋਗਾਟ ਨੇ ਕਿਹਾ ਕਿ ਉਹ ਦੋਵੇਂ ਹੀ ਕਰ ਲਵੇਗੀ।
ਵਿਨੇਸ਼ ਫੋਗਾਟ ਨੇ ਕਿਹਾ ਕਿ ਖਾਪ ਉਨ੍ਹਾਂ ਦਾ ਪਰਿਵਾਰ ਹੈ। ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਰਿਹਾ ਹੈ। ਜਦੋਂ ਮਹਿਲਾ ਪਹਿਲਵਾਨਾਂ ਦਾ ਅੰਦੋਲਨ ਚੱਲ ਰਿਹਾ ਸੀ, ਉਦੋਂ ਵੀ ਇਹੀ ਲੋਕ ਨਾਲ ਖੜ੍ਹੇ ਸਨ। ਜੀਂਦ ਦੇ ਲੋਕ ਕ੍ਰਾਂਤੀਕਾਰੀ ਹਨ। ਇੱਥੇ ਆ ਕੇ ਉਹ ਮਾਣ ਮਹਿਸੂਸ ਕਰਦੀ ਹੈ। ਗੋਲਡ ਮੈਡਲ ਤੋਂ ਖੁੰਝ ਜਾਣ ‘ਤੇ ਵਿਨੇਸ਼ ਫੋਗਾਟ ਨੇ ਕਿਹਾ ਕਿ ਇਹ ਇਕ ਲੰਬੀ ਕਹਾਣੀ ਹੈ, ਅੱਜ ਇਹ ਦੱਸਣ ਦਾ ਦਿਨ ਨਹੀਂ ਹੈ। ਜੂਨੀਅਰ ਖਿਡਾਰੀ ਹੋਰ ਮੈਡਲ ਲੈ ਕੇ ਆਉਣਗੇ। ਖੇਡ ਵਿਚ ਜਿੰਨਾ ਵੀ ਯੋਗਦਾਨ ਪਾ ਸਕਦੀ ਹੈ, ਉਹ ਦੇਵੇਗੀ। ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਸੰਜੇ ਸਿੰਘ ਵੱਲੋਂ ਕੀਤੀ ਗਈ ਟਿੱਪਣੀ ਦੇ ਸਵਾਲ ‘ਤੇ ਫੋਗਾਟ ਨੇ ਕਿਹਾ ਕਿ ਉਹ ਵਿਵਾਦਤ ਸਵਾਲਾਂ ‘ਤੇ ਕੁਝ ਨਹੀਂ ਕਹੇਗੀ। ਉਸ ਨੇ ਕਹਿ ਦਿੱਤਾ ਕਿ ਸੰਜੇ ਸਿੰਘ ਕੌਣ ਹੈ, ਉਹ ਨਹੀਂ ਜਾਣਦੀ।
ਰਾਜਨੀਤੀ ਵਿਚ ਆਉਣ ਦੇ ਸਵਾਲ ‘ਤੇ ਉਸ ਨੇ ਕਿਹਾ ਕਿ ਨਹੀਂ ਪਤਾ ਰਾਜਨੀਤੀ ਵਿਚ ਕੀ ਸ਼ੁਰੂਆਤ ਹੋਵੇਗੀ। ਲੋਕ ਉਸ ਤੋਂ ਕੀ ਉਮੀਦ ਰੱਖਦੇ ਹਨ? ਮੇਰੇ ਆਪਣੇ ਲੋਕ ਕੀ ਕਹਿ ਰਹੇ ਹਨ, ਇਹ ਮਹੱਤਵਪੂਰਨ ਹੈ। ਉੱਥੇ ਹੀ ਜੁਲਾਨਾ ਤੋਂ ਕਾਂਗਰਸ ਦੀ ਟਿਕਟ ਮਿਲਣ ਦੀ ਚਰਚਾ ‘ਤੇ ਉਸ ਨੇ ਕਿਹਾ ਕਿ ਉਹ ਜੀਂਦ ਦੀ ਨੂੰਹ ਹੈ। ਇੱਥੇ ਹੀ ਉਸ ਦਾ ਘਰ ਅਤੇ ਪਰਿਵਾਰ ਹੈ। ਜੀਂਦ ਵਿਚ ਵਿਆਹ ਕਰਵਾ ਕੇ ਉਸ ਨੂੰ ਮਾਣ ਹੈ।
ਕੁਸ਼ਤੀ ਤੋਂ ਸੰਨਿਆਸ ਲੈਣ ਦੇ ਸਵਾਲ ‘ਤੇ ਵਿਨੇਸ਼ ਫੋਗਾਟ ਨੇ ਕਿਹਾ ਕਿ ਉਸ ਨੇ 30 ਸਾਲ ਦੀ ਉਮਰ ‘ਚ ਕੁਸ਼ਤੀ ‘ਚ ਅਜਿਹਾ ਕਰ ਕੇ ਦਿਖਾਇਆ ਹੈ, ਉਮਰ ਉਸ ਲਈ ਕੋਈ ਰੁਕਾਵਟ ਨਹੀਂ ਹੈ। ਭਾਵਨਾਤਮਿਕ ਤੌਰ ‘ਤੇ ਉਹ ਬਹੁਤ ਟੁੱਟ ਗਈ ਹੈ। ਅਜੇ ਸੋਚਣ ਦਾ ਸਮਾਂ ਨਹੀਂ ਮਿਲਿਆ। ਇਸ ਬਾਰੇ ਸ਼ਾਂਤਮਈ ਬੈਠ ਕੇ ਫੈਸਲਾ ਲਵੇਗੀ। ਹਾਂ, ਇਹ ਸੱਚ ਹੈ ਕਿ ਕੁਸ਼ਤੀ ਦਾ ਭਵਿੱਖ ਕਾਫ਼ੀ ਉੱਜਵਲ ਹੈ।
ਵਿਨੇਸ਼ ਫੋਗਾਟ ਨੇ ਕਿਹਾ ਕਿ ਖਿਡਾਰੀ ਹੋਣ ਦੇ ਨਾਤੇ ਮੈਡਲ ਦਾ ਵੱਖਰਾ ਮਹੱਤਵ ਹੁੰਦਾ ਹੈ ਪਰ ਮੈਡਲ ਇਸ ਲਈ ਜਿੱਤਿਆ ਜਾਂਦਾ ਹੈ ਤਾਂ ਜੋ ਲੋਕ ਸਨਮਾਨ ਦੇਣ। ਉਹ ਗੋਲਡ ਮੈਡਲ ਜਿੱਤੇ ਬਿਨਾਂ ਵੀ ਇਹ ਹਾਸਿਲ ਕਰ ਰਹੀ ਹੈ। ਲੋਕਾਂ ਨੂੰ ਉਮੀਦਾਂ ਹਨ, ਇਸ ਨਾਲ ਉਸ ‘ਤੇ ਜ਼ਿੰਮੇਵਾਰੀ ਵਧ ਗਈ ਹੈ। ਹੁਣ ਭਾਵੇਂ ਉਹ ਕੁਸ਼ਤੀ ਵਿਚ ਜਾਵੇ ਜਾਂ ਅਕੈਡਮੀ ਖੋਲ੍ਹੇ। ਇਸ ਲਈ ਲੋਕ ਉਸ ਤੋਂ ਉਮੀਦ ਕਰ ਰਹੇ ਹਨ।