ਅੰਬ (ਰਾਘਵ): 15 ਅਗਸਤ ਨੂੰ ਡੇਹਰਾ ‘ਚ ਹੋਣ ਵਾਲੇ ਸੂਬਾ ਪੱਧਰੀ ਆਜ਼ਾਦੀ ਦਿਵਸ ਪ੍ਰੋਗਰਾਮ ‘ਚ ਤਿਰੰਗਾ ਝੰਡਾ ਲਹਿਰਾਉਣ ‘ਤੇ ਗਗਰੇਟ ਦੇ ਵਿਧਾਇਕ ਰਾਕੇਸ਼ ਕਾਲੀਆ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਜਾਨੋਂ ਮਾਰਨ ਅਤੇ ਅਜਾਦੀ ਦਿਵਸ ਮੌਕੇ ਸੂਬੇ ‘ਚ ਬੰਬ ਧਮਾਕੇ ਕਰਨ ਦੀ ਧਮਕੀ ਮਿਲੀ ਹੈ। ਉਸ ਨੇ ਡੇਹਰਾ ਨੂੰ ਖਾਲਿਸਤਾਨੀ ਇਲਾਕਾ ਦੱਸਿਆ ਹੈ। ਇਹ ਧਮਕੀ ਵਿਧਾਇਕ ਕਾਲੀਆ ਦੇ ਨਿੱਜੀ ਫੋਨ ‘ਤੇ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਸਿੱਖ ਫਾਰ ਜਸਟਿਸ ਦਾ ਮੁਖੀ ਦੱਸਿਆ ਹੈ।
ਵਿਧਾਇਕ ਨੂੰ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਸੂਬਾ ਪੁਲਿਸ ਹੈੱਡਕੁਆਰਟਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਕਰੀਬ 10 ਵਜੇ ਗਗਰੇਟ ਦੇ ਵਿਧਾਇਕ ਰਾਕੇਸ਼ ਕਾਲੀਆ ਦੇ ਨਿੱਜੀ ਫੋਨ ਨੰਬਰ +447537171504 ਤੋਂ ਧਮਕੀ ਭਰੀ ਕਾਲ ਆਈ। ਜਿਸ ਵਿੱਚ ਦੂਜੇ ਪਾਸਿਓਂ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਸਿੱਖ ਫਾਰ ਜਸਟਿਸ ਸੰਸਥਾ ਦਾ ਮੁਖੀ ਦੱਸਦਿਆਂ ਹਲਕਾ ਵਿਧਾਇਕ ਨੂੰ ਕਿਹਾ ਕਿ ਜੇਕਰ ਤੁਸੀਂ ਅਤੇ ਤੁਹਾਡੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ 15 ਅਗਸਤ ਨੂੰ ਸਾਡੇ ਖਾਲਿਸਤਾਨ ਦੇ ਇਲਾਕੇ ਡੇਹਰਾ ਦੇ ਡੋਗਰਾ ਮੈਦਾਨ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਂ ਤਿਰੰਗਾ ਝੰਡਾ ਲਹਿਰਾਇਆ ਤਾਂ ਉਥੇ ਮੌਜੂਦ ਸਾਰੇ ਭਾਰਤੀ ਬੰਬ ਨਾਲ ਉਡਾ ਦਿੱਤੇ ਜਾਣਗੇ।
ਧਮਕੀ ਦੇਣ ਵਾਲੇ ਨੇ ਕਿਹਾ ਕਿ ਇਹ ਤੁਹਾਡੇ ਭਾਰਤੀਆਂ ਅਤੇ ਤੁਹਾਡੇ ਦੇਸ਼ ਵਿਰੁੱਧ ਸਾਡੀ ਜੰਗ ਦੀ ਸ਼ੁਰੂਆਤ ਹੈ। ਤੁਹਾਨੂੰ ਅਤੇ ਤੁਹਾਡੇ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ। ਧਮਕੀ ਮਿਲਣ ‘ਤੇ ਵਿਧਾਇਕ ਰਾਕੇਸ਼ ਕਾਲੀਆ ਦੀ ਤਰਫੋਂ ਅੰਬ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਸਪੀ ਊਨਾ ਰਾਕੇਸ਼ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।