ਢਾਕਾ (ਰਾਘਵਾ) : ਹਾਲ ਹੀ ‘ਚ ਭਾਰੀ ਸਿਆਸੀ ਉਥਲ-ਪੁਥਲ ਦਾ ਸਾਹਮਣਾ ਕਰ ਰਹੇ ਬੰਗਲਾਦੇਸ਼ ‘ਚ ਪ੍ਰਚੂਨ ਮਹਿੰਗਾਈ ਜੁਲਾਈ ਮਹੀਨੇ ‘ਚ 11.66 ਫੀਸਦੀ ਦੇ 12 ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚ ਗਈ। ਸਥਾਨਕ ਅਖਬਾਰ ‘ਦਿ ਢਾਕਾ ਟ੍ਰਿਬਿਊਨ’ ਨੇ ਬੰਗਲਾਦੇਸ਼ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੁਲਾਈ ‘ਚ ਖੁਰਾਕੀ ਵਸਤਾਂ ਦੀ ਮਹਿੰਗਾਈ ਕਾਰਨ ਪ੍ਰਚੂਨ ਮਹਿੰਗਾਈ 12 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਮਈ ‘ਚ ਪ੍ਰਚੂਨ ਮਹਿੰਗਾਈ ਦਾ ਉੱਚ ਪੱਧਰ 9.94 ਫੀਸਦੀ ਸੀ। ਪਿਛਲੇ ਮਹੀਨੇ ਖੁਰਾਕੀ ਮਹਿੰਗਾਈ ਦਰ 14.10 ਫੀਸਦੀ ਦੇ ਰਿਕਾਰਡ ਉੱਚ ਪੱਧਰ ‘ਤੇ ਰਹੀ ਜਦਕਿ ਗੈਰ-ਖੁਰਾਕ ਮਹਿੰਗਾਈ ਦਰ 9.68 ਫੀਸਦੀ ਰਹੀ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਇਹ ਦੋਵੇਂ ਕ੍ਰਮਵਾਰ 10.42 ਫੀਸਦੀ ਅਤੇ 9.15 ਫੀਸਦੀ ਸਨ।
ਜੁਲਾਈ ਦੇ ਮਹੀਨੇ ਦੇਸ਼ ਵਿਆਪੀ ਵਿਦਿਆਰਥੀ ਅੰਦੋਲਨ ਕਾਰਨ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਸਨ। ਇਸ ਦੌਰਾਨ ਕਈ ਦਿਨਾਂ ਤੱਕ ਕਰਫਿਊ ਲਗਾਇਆ ਗਿਆ ਅਤੇ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ। ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦੇ ਪ੍ਰਬੰਧਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਬਾਅਦ ਵਿਚ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਇਹ ਪ੍ਰਦਰਸ਼ਨ ਹਿੰਸਕ ਹੋ ਗਿਆ, ਜਿਸ ਤੋਂ ਬਾਅਦ ਹਸੀਨਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਦੇਸ਼ ਛਡਣਾ ਪਿਆ।