ਕਰੋਨਾ ਨੇ ਇਕ ਵਾਰ ਫਿਰ ਤੋਂ ਚੰਡ੍ਹੀਗੜ੍ਹ ਤੇ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੇ ਚਲਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਇਹ ਛੁੱਟੀਆਂ ਪਹਿਲਾਂ 27 ਦਸੰਬਰ ਤੋਂ ਸ਼ੁਰੂ ਹੋ ਕੇ 5 ਜਨਵਰੀ ਤੱਕ ਹੁੰਦੀਆਂ ਸਨ, ਪਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਇਸ ਵਿਚ ਤਬਦੀਲੀ ਕਰ ਦਿੱਤੀ ਗਈ ਹੈ।
ਹੁਣ ਸਕੂਲਾਂ ਵਿਚ 20 ਦਸੰਬਰ ਤੋਂ 9 ਜਨਵਰੀ ਤੱਕ ਛੁੱਟੀਆਂ ਹੋਣਗੀਆਂ ਤੇ ਪ੍ਰੀਖਿਆਵਾਂ ਤੇ ਚੋਣ ਡਿਊਟੀ ਵਿਚ ਲੱਗੇ ਅਧਿਆਪਕਾਂ ਦੀਆਂ ਛੁੱਟੀਆਂ ਵੀ ਰੱਦ ਰਹਿਣਗੀਆਂ। ਇਸ ਤੋਂ ਇਲਾਵਾ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਇਮਤਿਹਾਨ ਜਾਰੀ ਰਹਿਣਗੇ, ਪ੍ਰੀਖਿਆ ‘ਚ ਡਿਊਟੀ ‘ਤੇ ਆਏ ਅਧਿਆਪਕਾਂ ਦਾ ਸਕੂਲ ਆਉਣਾ ਲਾਜ਼ਮੀ ਹੋਵੇਗਾ।
ਚੰਡੀਗੜ੍ਹ ਵਿੱਚ ਇੱਕ ਸਰਕਾਰੀ ਸਕੂਲ ਦੇ ਦੋ ਬੱਚੇ ਤੇ ਇਕ ਅਧਿਆਪਕ ਕੋਰੋਨਾ ਪਾਜੀਟਿਵ ਪਾਏ ਗਏ ਹਨ, ਜਿਸ ਤਹਿਤ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਸੰਕਰਮਿਤਾਂ ਦੇ ਸੰਪਰਕ ਵਿਚ ਆਏ ਬੱਚਿਆਂ ਤੇ ਸਟਾਫ ਮੈਂਬਰਾਂ ਦੇ ਕੋਰੋਨਾ ਸੈਂਪਲਾਂ ਦੀ ਜਾਂਚ ਕੀਤੀ ਗਈ ਪਰ ਰਾਹਤ ਭਰੀ ਗੱਲ ਇਹ ਰਹੀ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਓਥੇ ਹੀ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 30 ਦਸੰਬਰ ਤੱਕ ਹੋਣੀਆਂ ਹਨ ਤੇ ਸਥਾਨਕ ਸਕੂਲਾਂ ਵੱਲੋਂ ਹੀ ਉਨ੍ਹਾਂ ਦੀ ਪ੍ਰੀਖਿਆ ਲਈ ਜਾ ਰਹੀ ਹੈ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਚਿੱਠੀ ਜਾਰੀ ਕਰਕੇ ਕੋਰੋਨਾ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਤਾਂ ਜੋ ਆਉਣ ਵਾਲੇ ਸਮੇਂ ਚ ਕਰੋਨਾ ਤੋਂ ਬੱਚਿਆਂ ਅਤੇ ਬਾਕੀ ਨਾਗਰਿਕਾਂ ਨੂੰ ਬਚਾਇਆ ਜਾ ਸਕੇ।