ਫਿਲੌਰ (ਕਿਰਨ ): ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਪੰਜਾਬ ਪੁਲੀਸ ਅਕੈਡਮੀ ਵਿੱਚ ਸਮਾਰੋਹ ਦੌਰਾਨ ਅੱਜ ਪੁਲੀਸ, ਕਾਨੂੰਨ ਤੇ ਨਿਆਂ ਅਤੇ ਗ੍ਰਹਿ ਮਾਮਲੇ ਵਿਭਾਗ ਵਿੱਚ ਚੁਣੇ ਗਏ 443 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਵਿੱਚ 288 ਸਬ ਇੰਸਪੈਕਟਰ ਵੀ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੁਲੀਸ ਵਿਭਾਗ ਵਿੱਚ ਪਿਛਲੇ ਪੱਚੀ ਸਾਲਾਂ ਤੋਂ ਅੱਸੀ ਹਜ਼ਾਰ ਦੀ ਨਫ਼ਰੀ ਨਾਲ ਕੰਮ ਚਲਾਇਆ ਜਾ ਰਿਹਾ ਹੈ ਅਤੇ ਹੁਣ ਦਸ ਹਜ਼ਾਰ ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹਰ ਸਾਲ ਪੁਲੀਸ ’ਚ ਕਰੀਬ ਦੋ ਹਜ਼ਾਰ ਨੌਜਵਾਨਾਂ ਦੀ ਭਰਤੀ ਕੀਤੀ ਜਾਏਗੀ।
ਉਨ੍ਹਾਂ ਕਿਹਾ ਕਿ ਪੁਲੀਸ ਨੂੰ ਏਆਈ ਤਕਨੀਕ ਨਾਲ ਲੈਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 19 ਟੌਲ ਪਲਾਜ਼ਾ ਬੰਦ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਕੱਲ੍ਹ ਹੀ ਬੰਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਿਆਂ ਵਿਰੁੱਧ ਦੇਸ਼ ਦੀ ਜੰਗ ਲੜ ਰਿਹਾ ਹੈ ਅਤੇ ਪੰਜਾਬ ਪੁਲੀਸ ਨੇ ਹਮੇਸ਼ਾ ਇਸ ਦੀ ਸਪਲਾਈ ਨੂੰ ਰੋਕਣ ਲਈ ਬੈਰੀਅਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮੰਤਵ ਲਈ ਪਹਿਲਾਂ ਹੀ 45 ਕਰੋੜ ਰੁਪਏ ਮਨਜ਼ੂਰ ਕਰ ਚੁੱਕੀ ਹੈ, ਜਿਸ ਨਾਲ ਪੁਲੀਸ ਵਿੱਚ ਇੱਕ ਵੱਡੀ ਕ੍ਰਾਂਤੀਕਾਰੀ ਤਬਦੀਲੀ ਨਜ਼ਰ ਆਵੇਗੀ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ, ਹਥਿਆਰਾਂ ਅਤੇ ਹੋਰ ਵਸਤਾਂ ਦੀ ਤਸਕਰੀ ’ਤੇ ਨਜ਼ਰ ਰੱਖਣ ਲਈ ਪਹਿਲੀ ਵਾਰ ਸਰਹੱਦਾਂ ’ਤੇ ਲਗਪਗ 3000 ਏਆਈ ਸਮਰੱਥ ਕੈਮਰੇ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਪੰਜਾਬ ਪੁਲੀਸ ਵਿੱਚ 10,000 ਨਵੇਂ ਸਿਪਾਹੀਆਂ ਦੀ ਭਰਤੀ ਕਰੇਗੀ, ਜਿਸ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਕੱਤਰ ਹੋਮ ਗੁਰਕੀਰਤ ਕਿਰਪਾਲ ਸਿੰਘ, ਕੈਬਨਿਟ ਮੰਤਰੀ ਬਲਕਾਰ ਸਿੰਘ, ਡੀਜੀਪੀ ਗੌਰਵ ਯਾਦਵ ਮੌਜੂਦ ਸਨ।