2024 ਪੈਰਿਸ ਓਲੰਪਿਕ ਤੋਂ ਭਾਰਤ ਲਈ ਬੁਰੀ ਖਬਰ ਆਈ ਹੈ। ਭਾਰਤੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦਾ ਮੈਡਲ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਪ੍ਰੀ-ਕੁਆਰਟਰ ਫਾਈਨਲ ‘ਚ ਹਾਰ ਨਾਲ ਉਹ 2024 ਓਲੰਪਿਕ ਤੋਂ ਬਾਹਰ ਹੋ ਗਈ ਹੈ।
29 ਸਾਲਾ ਮਨਿਕਾ ਬੱਤਰਾ ਨੇ ਬੁੱਧਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ‘ਚ ਓਲੰਪਿਕ ਸਮੇਤ ਕਈ ਮੁਕਾਬਲਿਆਂ ‘ਚ ਤਗਮੇ ਜਿੱਤਣ ਵਾਲੀ ਜਾਪਾਨ ਦੀ ਮਿਉ ਹੀਰਾਨੋ ਨਾਲ ਭਿੜੇ। ਮਨਿਕਾ ਨੇ ਆਪਣੀ ਪੂਰੀ ਤਾਕਤ ਦਿਖਾਈ ਪਰ ਉਹ ਜਾਪਾਨੀ ਖਿਡਾਰਨ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕੀ ਅਤੇ 1-4 ਨਾਲ ਹਾਰ ਗਈ। ਇਸ ਦੇ ਨਾਲ ਹੀ ਇਸ ਭਾਰਤੀ ਸਟਾਰ ਟੇਬਲ ਟੈਨਿਸ ਖਿਡਾਰੀ ਦਾ 2024 ਪੈਰਿਸ ਓਲੰਪਿਕ ‘ਚ ਸਫਰ ਖਤਮ ਹੋ ਗਿਆ ਹੈ ਅਤੇ ਉਸ ਦਾ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਸੁਪਨਾ ਰਹਿ ਗਿਆ ਹੈ।
ਇਸ ਰਾਊਂਡ ਆਫ 16 ਦੇ ਮੈਚ ‘ਚ ਮਨਿਕਾ ਨੇ ਕਈ ਵਾਰ ਲੀਡ ਹਾਸਲ ਕੀਤੀ ਪਰ ਉਹ ਇਸ ਬੜ੍ਹਤ ਨੂੰ ਜਾਰੀ ਨਹੀਂ ਰੱਖ ਸਕੀ। ਨਤੀਜੇ ਵਜੋਂ, ਉਹ ਇੱਕ ਤੋਂ ਬਾਅਦ ਇੱਕ ਸੈੱਟ ਹਾਰਦੀ ਰਹੀ। ਹੀਰਾਨੋ ਦੇ ਖਿਲਾਫ ਉਸ ਦਾ ਪਿਛਲਾ ਰਿਕਾਰਡ ਵੀ ਚੰਗਾ ਨਹੀਂ ਰਿਹਾ ਹੈ। ਮਨਿਕਾ ਇਸ ਜਾਪਾਨੀ ਖਿਡਾਰਨ ਖਿਲਾਫ ਅੱਜ ਤੱਕ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ।