ਐਡਮਿੰਟਨ (ਰਾਘਵ): ਕੈਨੇਡਾ ਦੀ ਐਡਮਿੰਟਨ ਪੁਲਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਜ਼ਬਰਦਸਤੀ ਵਸੂਲੀ ਦੇ ਮਾਮਲੇ ‘ਚ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ 34 ਸਾਲਾ ਮਨਿੰਦਰ ਸਿੰਘ ਧਾਲੀਵਾਲ ਖ਼ਿਲਾਫ਼ ਵੀ ਵਾਰੰਟ ਜਾਰੀ ਕੀਤੇ ਹਨ। ਪੁਲਿਸ ਦਾ ਮੰਨਣਾ ਹੈ ਕਿ ਮਨਿੰਦਰ ਧਾਲੀਵਾਲ ਫਿਰੌਤੀ ਵਿੱਚ ਸ਼ਾਮਲ ਇੱਕ ਅਪਰਾਧਿਕ ਸੰਗਠਨ ਦਾ ਆਗੂ ਹੈ।
ਐਡਮਿੰਟਨ ਵਿੱਚ ਕਾਰੋਬਾਰੀ ਮਾਲਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਕਥਿਤ ਤੌਰ ‘ਤੇ ਪੰਜਾਬ ਤੋਂ ਨਿਰਦੇਸ਼ਿਤ ਸਥਾਨਕ ਸ਼ੱਕੀਆਂ ਦੇ ਇੱਕ ਸਮੂਹ ਦੁਆਰਾ ਕੀਤੀਆਂ ਗਈਆਂ ਸਨ। ਇਸ ਸਬੰਧ ਵਿਚ ਹੁਣ ਤੱਕ 40 ਘਟਨਾਵਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਸ ਵਿਚ ਸ਼ੁੱਕਰਵਾਰ ਸਵੇਰੇ ਐਡਮਿੰਟਨ ਦੇ ਦੱਖਣ-ਪੱਛਮ ਵਿਚ ਕੈਵਨਾਗ ਵਿਚ ਇਕ ਅਪਾਰਟਮੈਂਟ ਵਿਚ ਅੱਗਜ਼ਨੀ ਦਾ ਹਮਲਾ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਛੇ ਪੰਜਾਬੀਆਂ ਵਿੱਚੋਂ ਇੱਕ ਔਰਤ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸ਼ਨਦੀਪ ਕੌਰ (19), ਗੁਰਕਰਨ ਸਿੰਘ (19), ਮਾਨਵ ਹੀਰ (19), ਪਰਮਿੰਦਰ ਸਿੰਘ (21) ਅਤੇ ਦੀਵਾਨੂਰ ਆਸ਼ਟ (19) ਵਜੋਂ ਹੋਈ ਹੈ।
ਅਪਰਾਧ ਸ਼ਾਖਾ ਦੇ ਅਧਿਕਾਰੀ ਡੇਵ ਪੈਟਨ ਨੇ ਕਿਹਾ ਕਿ ਨੌਜਵਾਨਾਂ ਨੂੰ ਅਪਰਾਧ ਕਰਨ ਲਈ ਭਰਤੀ ਕੀਤਾ ਜਾ ਰਿਹਾ ਹੈ। ਜੁਰਮ ਕਰਨ ਲਈ ਪੈਸੇ ਦਿੱਤੇ ਜਾਂਦੇ ਹਨ। ਫੜੇ ਗਏ ਵਿਅਕਤੀਆਂ ਦੀ ਉਮਰ 17 ਤੋਂ 21 ਸਾਲ ਦਰਮਿਆਨ ਹੈ। ਪੁਲਿਸ ਨੇ ਨੌਜਵਾਨਾਂ ਨੂੰ ਅਜਿਹੇ ਲੋਕਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ, ਨਹੀਂ ਤਾਂ ਉਹ ਮੁਸੀਬਤ ਵਿੱਚ ਪੈ ਸਕਦੇ ਹਨ।