ਨਵੀਂ ਦਿੱਲੀ (ਰਾਘਵਾ) : ਭਾਰਤੀ ਮੌਸਮ ਵਿਭਾਗ (IMD) ਨੇ ਆਪਣੀ ਤਾਜ਼ਾ ਰਿਪੋਰਟ ‘ਚ ਅਗਲੇ 3 ਦਿਨਾਂ ਦੌਰਾਨ ਮਹਾਰਾਸ਼ਟਰ, ਛੱਤੀਸਗੜ੍ਹ, ਉੜੀਸਾ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ‘ਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਏਜੰਸੀ ਨੇ ਭਵਿੱਖਬਾਣੀ ਕੀਤੀ ਹੈ ਕਿ ਪੱਛਮੀ ਬੰਗਾਲ, ਸਿੱਕਮ, ਅਸਾਮ ਸਮੇਤ 12 ਰਾਜਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਮੇਘਾਲਿਆ, ਅਰੁਣਾਚਲ ਪ੍ਰਦੇਸ਼, ਕੇਰਲ, ਕਰਨਾਟਕ ਅਤੇ ਤੇਲੰਗਾਨਾ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, IMD ਨੇ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਿੱਚ ਹੀਟਵੇਵ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ, ਉੜੀਸਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਰਾਜਸਥਾਨ ਵਿੱਚ ਵੀ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।