ਓਟਾਵਾ (ਹਰਮੀਤ): ਸ਼ੁੱਕਰਵਾਰ ਨੂੰ ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਯੁਵਰਾਜ ਗੋਇਲ 2019 ਵਿੱਚ ਵਿਦਿਆਰਥੀ ਵੀਜ਼ਾ ਲੈ ਕੇ ਕੈਨੇਡਾ ਵਿੱਚ ਦਾਖਲ ਹੋਇਆ ਸੀ ਅਤੇ ਹਾਲ ਹੀ ਵਿੱਚ ਉਸ ਨੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਦਾ ਦਰਜਾ ਪ੍ਰਾਪਤ ਕੀਤਾ ਸੀ।
ਇਹ ਘਟਨਾ 7 ਜੂਨ ਨੂੰ ਸਵੇਰੇ 8:46 ਵਜੇ ਵਾਪਰੀ ਜਦੋਂ ਸਰੀ, ਬ੍ਰਿਟਿਸ਼ ਕੋਲੰਬੀਆ ਦੇ 164 ਸਟਰੀਟ ਦੇ 900-ਬਲਾਕ ਵਿੱਚ ਗੋਲੀਬਾਰੀ ਬਾਰੇ ਇੱਕ ਕਾਲ ਸਰੀ ਪੁਲਿਸ ਨੂੰ ਪ੍ਰਾਪਤ ਹੋਈ। ਅਧਿਕਾਰੀਆਂ ਨੇ ਪਹੁੰਚ ਕੇ ਯੁਵਰਾਜ ਨੂੰ ਮ੍ਰਿਤਕ ਪਾਇਆ। ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਹਾਲਾਂਕਿ ਯੁਵਰਾਜ ਦੀ ਮੌਤ ਦੇ ਪਿੱਛੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗੋਲੀ ਉਸ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਸੀ।
ਯੁਵਰਾਜ 28 ਸਾਲਾ ਸੇਲਜ਼ ਪ੍ਰੋਫੈਸ਼ਨਲ ਸੀ। ਕੈਨੇਡੀਅਨ ਪੁਲਿਸ ਦੇ ਅਨੁਸਾਰ ਯੁਵਰਾਜ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ, ਅਤੇ ਉਸਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।