ਯੇਰੂਸ਼ਲਮ (ਰਾਘਵ) : ਗਾਜ਼ਾ ਦੇ ਨੁਸੀਰਤ ਸ਼ਰਨਾਰਥੀ ਇਲਾਕੇ ‘ਚ ਇਜ਼ਰਾਇਲੀ ਕਾਰਵਾਈ ‘ਚ 274 ਫਲਸਤੀਨੀ ਮਾਰੇ ਗਏ ਹਨ। ਸ਼ਨੀਵਾਰ ਨੂੰ ਕੀਤੀ ਗਈ ਕਾਰਵਾਈ ਚਾਰ ਇਜ਼ਰਾਇਲੀ ਬੰਧਕਾਂ ਨੂੰ ਛੁਡਾਉਣ ਲਈ ਕੀਤੀ ਗਈ ਸੀ। ਇਜ਼ਰਾਈਲ ਨੇ ਇਲਾਕੇ ‘ਚ ਕਈ ਘੰਟਿਆਂ ਤੱਕ ਜਾਰੀ ਲੜਾਈ ਅਤੇ ਖੂਨ ਖਰਾਬੇ ਲਈ ਹਮਾਸ ‘ਤੇ ਦੋਸ਼ ਲਗਾਇਆ ਹੈ ਤੇ ਕਿਹਾ ਹੈ ਕਿ ਅੱਤਵਾਦੀ ਸੰਗਠਨ ਨੇ ਜਾਣਬੁੱਝ ਕੇ ਆਬਾਦੀ ਵਾਲੇ ਇਲਾਕਿਆਂ ‘ਚ ਬੰਦੀਆਂ ਨੂੰ ਬੰਧਕ ਬਣਾ ਕੇ ਰੱਖਿਆ ਸੀ।
ਦੂਜੇ ਪਾਸੇ ਹਮਾਸ ਨੇ ਦਾਅਵਾ ਕੀਤਾ ਹੈ ਕਿ ਨੁਸੀਰਤ ਵਿੱਚ ਇਜ਼ਰਾਇਲੀ ਕਾਰਵਾਈ ਵਿੱਚ ਤਿੰਨ ਬੰਧਕ ਮਾਰੇ ਗਏ, ਜਿਨ੍ਹਾਂ ਵਿੱਚੋਂ ਇੱਕ ਅਮਰੀਕੀ ਨਾਗਰਿਕ ਵੀ ਸੀ। ਨੁਸੀਰਤ ਤੋਂ ਇਲਾਵਾ ਇਜ਼ਰਾਇਲੀ ਫੌਜ ਨੇ ਦੀਰ ਅਲ-ਬਲਾਹ ਸ਼ਹਿਰ ‘ਤੇ ਵੀ ਹਮਲਾ ਕੀਤਾ ਹੈ। ਨੇੜਲੇ ਸ਼ਹਿਰ ਅਲ-ਬੁਰੇਜ਼ ਵਿੱਚ ਹਵਾਈ ਹਮਲਿਆਂ ਵਿੱਚ ਤਿੰਨ ਫਲਸਤੀਨੀ ਵੀ ਮਾਰੇ ਗਏ। ਗਾਜ਼ਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ 57 ਔਰਤਾਂ ਅਤੇ 64 ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ ਕਰੀਬ 700 ਲੋਕ ਜ਼ਖਮੀ ਹੋਏ ਹਨ।