ਜੌਰਜਟਾਊਨ (ਸਰਬ): ਕਪਤਾਨ ਰਾਸ਼ਿਦ ਖਾਨ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਦੀਆਂ 4-4 ਵਿਕਟਾਂ ਦੀ ਮਦਦ ਨਾਲ ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਸੀ’ ਦੇ ਮੈਚ ‘ਚ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾ ਦਿੱਤਾ।
ਜੀ ਹਾਂ, ਟੀ-20 ਵਿਸ਼ਵ ਕੱਪ ‘ਚ ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਸ਼ਨੀਵਾਰ ਨੂੰ ਖੇਡੇ ਗਏ 14ਵੇਂ ਮੈਚ ‘ਚ ਅਫਗਾਨਿਸਤਾਨ ਨੇ ਨਿਊਜ਼ੀਲੈਂਡ ਖਿਲਾਫ ਬੱਲੇ ਅਤੇ ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਜਿਹਾ ਲੱਗ ਰਿਹਾ ਸੀ ਜਿਵੇਂ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਰਾਸ਼ਿਦ ਖਾਨ ਦੀ ਸਪਿਨ ਵਿੱਚ ਪੂਰੀ ਤਰ੍ਹਾਂ ਉਲਝ ਗਈ ਅਤੇ ਉਹ ਮੈਚ ਹਾਰ ਗਏ।
ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 2021 ਦੀ ਉਪ ਜੇਤੂ ਨਿਊਜ਼ੀਲੈਂਡ ਦੀ ਟੀਮ 15.2 ਓਵਰਾਂ ਵਿੱਚ 75 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਦੇ ਸਿਰਫ ਦੋ ਬੱਲੇਬਾਜ਼ ਗਲੇਨ ਫਿਲਿਪ (18) ਅਤੇ ਮੈਟ ਹੈਨਰੀ (12) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨਾਲ ਆਈਪੀਐਲ ਖਿਤਾਬ ਜਿੱਤਣ ਵਾਲੇ ਰਹਿਮਾਨਉੱਲ੍ਹਾ ਗੁਰਬਾਜ਼ ਨੇ 56 ਗੇਂਦਾਂ ਵਿੱਚ 80 ਦੌੜਾਂ ਬਣਾਈਆਂ ਸਨ। ਉਥੇ ਹੀ ਇਬਰਾਹਿਮ ਜ਼ਦਰਾਨ ਨੇ 41 ਗੇਂਦਾਂ ‘ਤੇ 44 ਦੌੜਾਂ ਜੋੜੀਆਂ।
ਜੇਕਰ ਦੇਖਿਆ ਜਾਵੇ ਤਾਂ ਇਸ ਟੂਰਨਾਮੈਂਟ ‘ਚ ਅਫਗਾਨਿਸਤਾਨ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਅਤੇ ਨਿਊਜ਼ੀਲੈਂਡ ਨੂੰ ਆਪਣੇ ਪਹਿਲੇ ਮੈਚ ‘ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੈਚ ਦੀ ਖਾਸ ਗੱਲ ਇਹ ਸੀ ਕਿ ਅਫਗਾਨਿਸਤਾਨ ਨੇ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਮੈਚ ‘ਚ ਨਿਊਜ਼ੀਲੈਂਡ ਦੀ ਟੀਮ ਨੂੰ ਹਰਾਇਆ ਹੈ। ਟੀਮ ਗਰੁੱਪ ‘ਸੀ’ ਵਿੱਚ ਸਿਖਰ ’ਤੇ ਹੈ।
ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦਾ ਇਹ ਦੂਜਾ ਸਭ ਤੋਂ ਘੱਟ ਸਕੋਰ ਸੀ। ਇਸ ਤੋਂ ਪਹਿਲਾਂ ਸਾਲ 2014 ‘ਚ ਉਹ ਸਿਰਫ 60 ਦੌੜਾਂ ‘ਤੇ ਆਲ ਆਊਟ ਹੋ ਗਏ ਸਨ। ਇਹ ਪਹਿਲਾ ਮੌਕਾ ਹੈ ਜਦੋਂ ਨਿਊਜ਼ੀਲੈਂਡ ਨੇ ਵਿਸ਼ਵ ਕੱਪ (ODI/T20) ਵਿੱਚ ਚੋਟੀ ਦੀਆਂ 8 ਟੀਮਾਂ (ਇੰਗਲੈਂਡ/ਆਸਟ੍ਰੇਲੀਆ/ਦੱਖਣੀ ਅਫਰੀਕਾ/ਵੈਸਟ ਇੰਡੀਜ਼/ਭਾਰਤ/ਪਾਕਿਸਤਾਨ/ਸ਼੍ਰੀਲੰਕਾ) ਤੋਂ ਇਲਾਵਾ ਕਿਸੇ ਹੋਰ ਟੀਮ ਤੋਂ ਕੋਈ ਮੈਚ ਹਾਰਿਆ ਹੈ।