ਮੋਗਾ (ਸਾਹਿਬ): ਫ਼ਰੀਦਕੋਟ ਤੋਂ ਸੰਸਦ ਮੈਂਬਰ ਦੀ ਚੋਣ ਜਿੱਤੇ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਕੇਂਦਰ ’ਚ ਸਰਕਾਰ ਬਣਾਉਣ ਲਈ ਦੇਸ਼ ਦੀ ਭਗਵਾਂ ਪਾਰਟੀ ‘ਭਾਜਪਾ’ ਨੂੰ ਸਮਰਥਨ ਦੇਣ ਦੀ ਗੱਲ ਨੂੰ ਕੋਰੀ ਅਫ਼ਵਾਹ ਕਰਾਰ ਦਿੱਤਾ ਹੈ।
ਉਨ੍ਹਾਂ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਫ਼ੈਲਾਉਣਾ ਘਟੀਆ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕ ਪਹਿਲਾਂ ਹੀ ਸੂਬੇ ਵਿੱਚ ਚੱਲ ਰਹੀ ਘਟੀਆ ਦਰਜੇ ਦੀ ਰਾਜਨੀਤੀ ਤੋਂ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕੋਈ ਵੀ ਸਿਆਸੀ ਫੈਸਲਾ ਪੰਥਕ ਆਗੂਆਂ ਤੇ ਵੋਟਰਾਂ ਦੀ ਰਾਇ ਬਿਨਾਂ ਨਹੀਂ ਲਿਆ ਜਾਵੇਗਾ।
ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਸੰਸਦ ਵਿੱਚ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 302 ਹੇਠ ਕਾਰਵਾਈ ਕਰਨ ਦਾ ਮਾਮਲਾ ਚੁੱਕਣਗੇ। ਉਨ੍ਹਾਂ ਅੱਜ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸ੍ਰੀ ਅਕਾਲ ਤਖ਼ਤ ਵਿਖੇ ਘੱਲੂਘਾਰਾ ਦਿਵਸ ਸਬੰਧੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਖਾਲਸਾ ਨੇ ਕਿਹਾ ਕਿ ਬੇਅਦਬੀ ਦਾ ਮਾਮਲਾ ਗੰਭੀਰ ਮਾਮਲਾ ਹੈ ਅਤੇ ਉਹ ਸੰਸਦ ਵਿੱਚ ਇਸ ਬਾਰੇ ਸਖਤ ਕਾਨੂੰਨ ਵਾਸਤੇ ਆਵਾਜ਼ ਉਠਾਉਣਗੇ। ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਅਤੇ ਨਸ਼ਿਆਂ ਦੇ ਕਾਰੋਬਾਰ ਦੇ ਖਾਤਮੇ ਲਈ ਵੀ ਉਹ ਸੰਸਦ ਵਿੱਚ ਆਵਾਜ਼ ਉਠਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲ ਤਖ਼ਤ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਨ ਵਾਲਿਆਂ ਨੂੰ ਕਦੇ ਵੀ ਸਮਰਥਨ ਨਹੀਂ ਦਿੱਤਾ ਜਾ ਸਕਦਾ।