ਤਰਨਤਾਰਨ :(ਨੇਹਾ )- ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨ ਐੱਸ ਯੂ ਆਈ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਹੇ ਰਿਤਿਕ ਅਰੋੜਾ ਜੋ ਕੱਪੜਾ ਵਪਾਰੀ ਵੀ ਹਨ, ਨੂੰ ਵਿਦੇਸ਼ ਬੈਠੇ ਗੈਂਗਸਟਰ ਲੰਡਾ ਹਰੀਕੇ ਵੱਲੋਂ ਫਿਰੋਤੀ ਲਈ ਧਮਕੀ ਦੇਣ ਦੇ ਮਾਮਲੇ ਵਿਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਰਿਤਿਕ ਅਰੋੜਾ ਨੇ ਖਤਰੇ ਦੇ ਚੱਲਦਿਆਂ ਪਹਿਲਾਂ ਹੀ ਸਕਿਉਰਿਟੀ ਲਈ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੋਈ ਸੀ।
ਰਿਤਿਕ ਅਰੋੜਾ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ ਵਜੇ ਜਦੋਂ ਉਹ ਆਪਣੀ ਦੁਕਾਨ ’ਤੇ ਮੌਜੂਦ ਸਨ ਤਾਂ ਵਿਦੇਸ਼ੀ ਨੰਬਰ ਤੋਂ ਉਨ੍ਹਾਂ ਨੂੰ ਵਾਟਸਐਪ ਕਾਲ ਆਈ ਕਿ ਲੰਡਾ ਹਰੀਕੇ ਤੋਂ ਬੋਲ ਰਿਹਾਂ। ਉਸ ਨੇ ਉਨ੍ਹਾਂ ਕੋਲੋਂ ਦੋ ਕਰੋੜ ਦੀ ਫਿਰੌਤੀ ਮੰਗੀ ਅਤੇ ਕਿਹਾ ਕਿ ਜੇ ਪੈਸੇ ਨਾ ਦਿੱਤੇ ਤਾਂ ਉਸ ਦੇ ਸਮੇਤ ਪਰਿਵਾਰ ਦਾ ਜਾਨੀ ਨੁਕਸਾਨ ਕਰ ਦੇਵੇਗਾ। ਉਸ ਨੇ ਪੁਲਿਸ ਨਾਲ ਸੰਪਰਕ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ। ਹਾਲਾਂਕਿ ਰਿਤਿਕ ਅਰੋੜਾ ਵੱਲੋਂ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਵਿਚ ਲੰਡਾ ਹਰੀਕੇ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ।
ਪਰ ਰਿਤਿਕ ਅਰੋੜਾ ਨੇ ਕਿਹਾ ਕਿ ਉਸ ਨੂੰ ਪਹਿਲਾਂ ਸੁਰੱਖਿਆ ਅਲਾਟ ਹੋਈ ਸੀ ਪਰ ਚੋਣਾਂ ਦੇ ਚੱਲਦਿਆਂ ਵਾਪਸ ਲੈ ਲਈ ਗਈ। ਉਨ੍ਹਾਂ ਨੇ ਖਤਰੇ ਦੀ ਸੰਭਾਵਨਾ ਦੇ ਚੱਲਦਿਆਂ ਪੁਲਿਸ ਨਾਲ ਸੁਰੱਖਿਆ ਸਬੰਧੀ ਦੋ ਵਾਰ ਫਿਰ ਰਾਬਤਾ ਕੀਤਾ ਪਰ ਅਜੇ ਤੱਕ ਸੁਰੱਖਿਆ ਨਹੀਂ ਮਿਲੀ। ਦੂਜੇ ਪਾਸੇ ਰਿਤਿਕ ਅਰੋੜਾ ਨੂੰ ਮਿਲੀ ਧਮਕੀ ਦੇ ਚੱਲਦਿਆਂ ਸਾਰਾ ਪਰਿਵਾਰ ਸਹਿਮ ਵਿਚ ਹੈ।