ਚੰਡੀਗੜ੍ਹ :(ਸਾਹਿਬ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਨੇ ਤਾਜ਼ਾ ਚੋਣਾਂ ਵਿਚ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਆਉਣ ਵਾਲੀ ਕੱਲ੍ਹ ਹੁਣ ਕਾਂਗਰਸ ਪਾਰਟੀ ਦੀ ਹੈ। ਵੜਿੰਗ ਨੇ ਕਾਂਗਰਸ ਪਾਰਟੀ ਨੂੰ ਸੱਤ ਸੀਟਾਂ ਜਿੱਤਣ ’ਤੇ ਕਾਂਗਰਸ ਲੀਡਰਸ਼ਿਪ, ਵਰਕਰਾਂ ਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਸਾਰੀਆਂ ਏਜੰਸੀਆਂ ਦੇ ਡਰ ਦੇ ਬਾਵਜੂਦ ਚੋਣ ਲੜੀ ਹੈ।
- ਉਨ੍ਹਾਂ ਕਿਹਾ ਕਿ ਕਾਂਗਰਸ ਦਾ ਖਾਤਾ ਸੀਲ ਕਰ ਦਿੱਤਾ ਗਿਆ ਸੀ, ਇਸਦੇ ਬਾਵਜੂਦ ਕਾਂਗਰਸ ਪਾਰਟੀ ਨੇ ਪੂਰੇ ਦੇਸ਼ ਵਿਚ ਚੋਣ ਲੜੀ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ 92 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਵਾਲੀ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ ਆਪ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ 13-0 ਦਾ ਦਾਅਵਾ ਕਰਦੇ ਰਹੇ ਹਨ ਪਰ ਦੋ ਸਾਲਾਂ ਦੇ ਕਾਰਜਕਾਲ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ।
- ਜਿਕਰਯੋਗ ਹੈ ਕਿ ਅਕਾਲੀ ਦਲ ਪੂਰੀ ਤਰਾਂ ਹਾਸ਼ੀਏ ’ਤੇ ਪੁੱਜ ਗਿਆ ਹੈ। ਅਕਾਲੀ ਦਲ ਨੂੰ ਸਿਰਫ਼ ਇਕ ਸੀਟ ਉਹ ਵੀ ਬਾਦਲ ਪਰਿਵਾਰ ਨੂੰ ਨਸੀਬ ਹੋਈ ਹੈ। ਵੜਿੰਗ ਨੇ ਕਿਹਾ ਕਿ ਅਕਾਲੀ ਦਲ ਨੇ ਦੋਗਲੀ ਨੀਤੀ ਰੱਖੀ ਅਤੇ ਅੰਤਲੇ ਸਮੇਂ ਤੱਕ ਉਹ ਭਾਜਪਾ ਨਾਲ ਗਠਜੋੜ ਕਰਨ ਬਾਰੇ ਸੋਚਦੇ ਰਹੇ ਪਰ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਅਕਾਲੀ ਦਲ ਨੇ ਇਕੱਲਿਆ ਚੋਣ ਲੜੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚ ਸਿਰਫ਼ ਇੱਕ ਬੰਦੇ ਦੀ ਸੁਣੀ ਜਾਂਦੀ ਹੈ।
- ਉਨਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ 2027 ਵਿਚ ਪਾਰਟੀ ਦੀ ਸਰਕਾਰ ਬਣੇਗੀ ਲੋਕਾਂ ਨੇ ਫਤਵਾਂ ਦੇ ਦਿੱਤਾ ਹੈ, ਪਰ ਹੁਣ ਤੋਂ ਹੀ ਇਕਜੁਟਤਾ ਤੇ ਤਨਦੇਹੀ ਨਾਲ ਹੋਰ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਰਾਤੋ ਰਾਤ ਪਾਰਟੀ ਬਦਲਣ ਵਾਲਿਆਂ ਨੂੰ ਲੋਕਾਂ ਨੇ ਸਬਕ ਸਿਖਾਇਆ ਹੈ।
- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 92 ਸੀਟਾਂ ਵਾਲੀ ਆਪ ਨੂੰ ਹੁਣ 32 ਸੀਟਾਂ ’ਤੇ ਰਹਿ ਗਈ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣ ਦੀ ਮੰਗ ਕਰਦਿਆ ਕਿਹਾ ਕਿ ਲੋਕਾਂ ਨੇ ‘ਆਪ’ ਨੂੰ ਨਕਾਰ ਦਿੱਤਾ ਹੈ। ਬਾਜਵਾ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਅਪੀਲ ਕੀਤੀ ਕਿ ਸੱਤਾ ਲਈ ਪੰਜਾਬ ਵਿਚ ਧਰੁਵੀਕਰਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।